ਕਪੂਰਥਲਾ ਫਾਇਰਿੰਗ ਮਾਮਲੇ ’ਚ ਦੋ ਕਾਬੂ, 6 ਨਾਜਾਇਜ਼ ਪਿਸਤੌਲ ਬਰਾਮਦ ਕਪੂਰਥਲਾ ਫਾਇਰਿੰਗ ਮਾਮਲੇ ਵਿਚ ਦੋ ਮੁੱਖ ਮੁਲਜ਼ਮ ਕਾਬੂ, 6 ਨਾਜਾਇਜ਼ ਪਿਸਤੌਲ ਬਰਾਮਦ
Publish Date: Fri, 02 Oct 2026 09:10 PM (IST)
Updated Date: Fri, 02 Oct 2026 09:13 PM (IST)
--ਵਿਦੇਸ਼ ’ਚ ਬੈਠੇ ਸਾਥੀਆਂ ਦੇ ਇਸ਼ਾਰੇ ਤੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ’ਚ ਵੇਚਣ ਦਾ ਦੋਸ਼, ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਪਿੰਡ ਖਾਨੋਵਾਲ ਵਿਖੇ ਗੁੱਜਰਾਂ ਦੇ ਡੇਰੇ ਤੇ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 6 ਨਾਜਾਇਜ਼ ਪਿਸਤੌਲ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਆਪਣੇ ਸਾਥੀਆਂ ਦੇ ਇਸ਼ਾਰੇ ਤੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਖ਼ਰੀਦ ਕੇ ਪੰਜਾਬ ਵਿੱਚ ਵੇਚਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਬੀਤੀ 21 ਸਤੰਬਰ ਨੂੰ ਪਿੰਡ ਖਾਨੋਵਾਲ ਵਿਖੇ ਗੁੱਜਰਾਂ ਦੇ ਡੇਰੇ ਤੇ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਰਹੀਮ ਅਲੀ ਤੇ ਕਥਿਤ ਤੌਰ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਸੀ। ਇਸ ਘਟਨਾ ਵਿੱਚ ਰਹੀਮ ਅਲੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਜ਼ਖ਼ਮੀ ਦੀ ਪਤਨੀ ਜ਼ੈਨਮ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਦਰ ਕਪੂਰਥਲਾ ਵਿਖੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਡੀਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਹਿਊਮਨ ਇੰਟੈਲੀਜੈਂਸ ਤੇ ਸੀਆਈਏ ਸਟਾਫ਼ ਦੀ ਟੀਮ ਨੇ ਕਾਰਵਾਈ ਕਰਦਿਆਂ ਜਸਕਰਨ ਸਿੰਘ ਉਰਫ਼ ਕਟਰ ਪੁੱਤਰ ਦਿਲਬਰ ਸਿੰਘ ਤੇ ਜਸ਼ਨਦੀਪ ਸਿੰਘ ਖਤਰਾ ਪੁੱਤਰ ਅਵਤਾਰ ਸਿੰਘ, ਦੋਵੇਂ ਵਾਸੀ ਪਿੰਡ ਸਿੱਧਵਾਂ ਦੋਨਾ, ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ ਵਿੱਚ ਬੈਠੇ ਆਪਣੇ ਸਾਥੀਆਂ ਦੇ ਇਸ਼ਾਰੇ ਤੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਖ਼ਰੀਦ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੁਲਜ਼ਮ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਰਹੇ ਹਨ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਕਰਨ ਸਿੰਘ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਤੇ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ ਉਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹਥਿਆਰਾਂ ਦੀ ਸਪਲਾਈ ਤੇ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਮੁੱਖ ਅਫ਼ਸਰ ਥਾਣਾ ਸਦਰ ਕਪੂਰਥਲਾ ਐੱਸਆਈ ਮੇਜਰ ਸਿੰਘ ਵੀ ਮੌਜੂਦ ਸਨ।