ਦੋ ਪੱਤਰਕਾਰਾਂ ਨੇ ਰੋਕੀ ਸੰਤਪੁਰਾ ਵਿਚ ਰਾਣਾ ਦੀ ਹਨ੍ਹੇਰੀ
ਦੋ ਪੱਤਰਕਾਰਾਂ ਨੇ ਰੋਕੀ ਸੰਤਪੁਰਾ ਵਿਚ ਰਾਣੇ ਦੇ ਹਨ੍ਹੇਰੀ
Publish Date: Sat, 30 May 2026 09:19 PM (IST)
Updated Date: Sat, 30 May 2026 09:20 PM (IST)
--ਵਾਰਡ ਨੰਬਰ 37 ਤੇ 38 ’ਚ ਹੁੰਦਲ ਤੇ ਨਵੀਨ ਨੇ ਨਿਭਾਈ ਅਹਿਮ ਭੂਮਿਕਾ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਵਿਚ ਜਿਥੇ ਰਾਣਾ ਗੁਰਜੀਤ ਸਿੰਘ ਦੀ ਹਨ੍ਹੇਰੀ ਚੱਲੀ, ਉਥੇ ਹੀ ਸੰਤਪੁਰਾ ਵਾਸੀਆਂ ਨੇ 15 ਸਾਲ ਤੋਂ ਵੀ ਵੱਧ ਚੱਲ ਰਹੇ ਕਾਂਗਰਸ ਦੇ ਕਿਲ੍ਹੇ ਨੂੰ ਢਹਿ ਢੇਰੀ ਕਰਦੇ ਹੋਏ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵਾਰਡ ਨੰਬਰ 37 ਤੇ 38 ਤੋਂ ਜਿਤਾਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਏਰੀਏ ਵਿਚ ਜਿਥੇ ਸੀਨੀਅਰ ਪੱਤਰਕਾਰ ਨਵੀਨ ਓਬਰਾਏ, ਜੋ ਕਿ ਰਾਣਾ ਗੁਰਜੀਤ ਸਿੰਘ ਦੇ ਹਮੇਸ਼ਾਂ ਖ਼ਾਸਮਖ਼ਾਸ ਰਹੇ ਹਨ, ਉਹ ਵੀ ਵਿਰੋਧ ਵਿਚ ਚੱਲ ਰਹੇ ਹਨ, ਉੱਥੇ ਹੀ ਇਨ੍ਹਾਂ ਦੋਵਾਂ ਵਾਰਡਾਂ ਤੋਂ ਕਪੂਰਥਲਾ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਰਹੇ ਸੁਖਪਾਲ ਸਿੰਘ ਹੁੰਦਲ ਦਾ ਵੀ ਦਬਦਬਾ ਸੀ। ਰਾਣਾ ਗੁਰਜੀਤ ਸਿੰਘ ਨਾਲ ਬਹਿਸਬਾਜ਼ੀ ਦੇ ਬਾਅਦ ਇਨ੍ਹਾਂ ਦੋਵਾਂ ਪੱਤਰਕਾਰਾਂ ਨੇ ਵਾਰਡ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਤੇ ਇਨ੍ਹਾਂ ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਨਿਗਮ ਦੀਆਂ ਪੌੜੀਆਂ ਚਾੜ੍ਹ ਦਿੱਤਾ। ਰਾਣਾ ਗੁਰਜੀਤ ਸਿੰਘ ਕਹਿੰਦੇ ਸਨ ਕਿ ਮੇਰੇ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ ਪਰ ਸੰਤਪੁਰਾ ਮੁਹੱਲੇ ਨੇ ਇਹ ਸਾਬਤ ਕਰ ਦਿੱਤਾ ਕਿ ਇਥੇ ਵੱਡੇ-ਵੱਡੇ ਬੋਹੜ ਵੀ ਡਿੱਗ ਸਕਦੇ ਹਨ। ਚੋਣ ਜਿੱਤਣ ਉਪਰੰਤ ਭੰਗੜਾ ਪਾਉਂਦੇ ਹੋਏ ਦੋਵੇਂ ਵਾਰਡਾਂ ਦੇ ਸਮਰਥਕਾਂ ਨੇ ਕਿਹਾ ਕਿ ਰਾਣੇ ਦੀ ਜੱਫੀ ਨਹੀਂ ਇਸ ਵਾਰ ਲੋਕਾਂ ਨੇ ਵਿਕਾਸ ਕੰਮਾਂ ’ਤੇ ਮੋਹਰ ਲਗਾਈ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੇਹਰ ਸਿੰਘ ਤੇ ਉਸਦੀ ਪਤਨੀ ਨਰਿੰਦਰ ਕੌਰ ਵੱਲੋਂ ਵਾਰਡ ਨੰਬਰ 37 ਤੇ 38 ਦੇ ਲੋਕਾਂ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ। ਜਿੱਤਣ ਉਪਰੰਤ ਸੀਨੀਅਰ ਪੱਤਰਕਾਰ ਨਵੀਨ ਓਬਰਾਏ ਨੇ ਕਿਹਾ ਕਿ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਹੁਣ ਬਦਲਾਅ ਦੀ ਜ਼ਰੂਰਤ ਹੈ। ਉੱਥੇ ਹੀ ਪ੍ਰੈੱਸ ਕਲੱਬ ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ ਨੇ ਕਿਹਾ ਕਿ ਸੰਤਪੁਰਾ ਮੁਹੱਲਾ ਇਸ ਤਰ੍ਹਾਂ ਦਾ ਮੁਹੱਲਾ ਸੀ ਜਿਥੇ ਰਾਣਾ ਗੁਰਜੀਤ ਸਿੰਘ ਬੀਤੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਬਜ਼ ਸਨ। ਉਨ੍ਹਾਂ ਕਿਹਾ ਕਿ ਆਉਂਣ ਵਾਲਾ ਸਮਾਂ ਦੱਸੇਗਾ ਕਿ ਵਾਰਡ ਦੇ ਵਿਕਾਸ ਕਾਰਜ ਕਿਸ ਤਰ੍ਹਾਂ ਦੇ ਹੁੰਦੇ ਹਨ, ਅੱਜ ਲੋਕਾਂ ਨੇ ਸਾਡੇ ਹੱਕ ਵਿਚ ਫੱਤਵਾ ਦਿੱਤਾ ਹੈ, ਜਿਸ ਲਈ ਅਸੀਂ ਲੋਕਾਂ ਦੇ ਹਮੇਸ਼ਾਂ ਰਿਣੀ ਰਹਾਂਗੇ। ਇਸ ਮੌਕੇ ਗੱਲਬਾਤ ਕਰਦੇ ਹੋਏ ਵਾਰਡ ਨੰਬਰ 38 ਤੋਂ ਕੌਂਸਲਰ ਦਿਲਜੀਤ ਕੌਰ ਤੇ ਵਾਰਡ ਨੰਬਰ 37 ਤੋਂ ਕੌਂਸਲਰ ਪਰਮਜੀਤ ਕੌਰ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਆਸਾਂ ’ਤੇ ਖਰ੍ਹਾ ਉੱਤਰਣ ਦੀ ਪੂਰੀ ਕੋਸ਼ਿਸ਼ ਕਰਾਂਗੇ।