ਡਾਕਟਰ ਦੀ ਕੋਠੀ ’ਚ ਚੋਰੀ ਕਰਨ ਵਾਲੇ ਦੋ ਨਾਮਜ਼ਦ
ਡਾਕਟਰ ਦੀ ਕੋਠੀ ਵਿੱਚ ਚੋਰੀ ਕਰਨ ਵਾਲੇ ਦੋ ਨਾਮਜਦ
Publish Date: Wed, 21 Jan 2026 06:54 PM (IST)
Updated Date: Thu, 22 Jan 2026 04:09 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਡਾਕਟਰ ਦੀ ਕੋਠੀ ’ਚ ਸਾਮਾਨ ਚੋਰੀ ਕਰਨ ਵਾਲੇ ਦੋ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ’ਚ ਡਾਕਟਰ ਅਸ਼ੀਸ਼ ਜੋਸ਼ੀ ਪੁੱਤਰ ਡਾਕਟਰ ਅਸ਼ੋਕ ਜੋਸ਼ੀ ਵਾਸੀ ਮਨਸਾ ਦੇਵੀ ਨਗਰ ਫਗਵਾੜਾ ਨੇ ਦੱਸਿਆ ਕਿ ਮਿਤੀ 18 ਜਨਵਰੀ ਨੂੰ ਹਰ ਰੋਜ਼ ਵਾਂਗ ਉਹ ਦੁਕਾਨ ਬੰਦ ਕਰ ਕੇ 9 ਵਜੇ ਘਰ ਆ ਗਿਆ, ਜਦੋਂ ਦੂਸਰੇ ਦਿਨ ਸਵੇਰੇ ਆਪਣੀ ਦੁਕਾਨ ’ਤੇ ਗਿਆ ਤੇ ਆਪਣੀ ਕੋਠੀ ਵੱਲ ਗੇੜਾ ਮਾਰਨ ਲੱਗਾ ਤਾਂ ਦੇਖਿਆ ਕਿ ਕੋਠੀ ਦੇ ਬਾਹਰਲੇ ਗੇਟ ਦੇ ਤਾਲੇ ਅਤੇ ਅੰਦਰਲੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਕੋਈ ਅਣਪਛਾਤਾ ਵਿਅਕਤੀ ਕੋਠੀ ਵਿਚੋਂ ਹੀਟਰ, ਪਾਣੀ ਗਰਮ ਕਰਨ ਵਾਲਾ ਕੈਟਲ, ਇਕ ਸੈਂਡਵਿਚ ਮੇਕਰ, ਤਿੰਨ ਡਿਨਰ ਸੈਟ, ਚਾਰ ਸਟੀਲ ਦੀਆਂ ਪਰਾਤਾਂ, ਇਕ ਜੂਸਰ ਮੇਕਰ, ਕੁਝ ਲੇਡੀ ਸੂਟ, ਕੁਝ ਪੈਂਟਾਂ ਸ਼ਰਟਾਂ, ਤਿੰਨ ਬੱਚਿਆਂ ਦੇ ਛੋਟੇ ਕੰਬਲ, ਬੱਚਿਆਂ ਦੇ ਕੱਪੜੇ, ਬਾਥਰੂਮਾਂ ’ਚ ਲੱਗੀਆਂ 45 ਟੂਟੀਆਂ, ਇਕ ਸਪੀਕਰ, ਕੁਝ ਹੋਰ ਘਰੇਲੂ ਸਾਮਾਨ ਚੋਰੀ ਕਰਕੇ ਲੈ ਗਏ ਹਨ। ਜਦੋਂ ਉਸ ਨੇ ਆਪਣੇ ਤੌਰ ’ਤੇ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਦੋ ਵਿਅਕਤੀ ਦੁਕਾਨ ਤੇ ਦਵਾਈ ਲੈਣ ਆਉਂਦੇ ਹਨ ਰੈਕੀ ਕਰ ਕੇ ਉਸ ਦੀ ਕੋਠੀ ’ਚੋਂ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੀ ਪੁੱਛ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਹ ਦੋਵੇਂ ਵਿਅਕਤੀ ਦੋ-ਤਿੰਨ ਦਿਨ ਮੇਰੀ ਦੁਕਾਨ ਤੋਂ ਦਵਾਈ ਲੈ ਕੇ ਜਾਂਦੇ ਰਹੇ ਹਨ ਤੇ ਕੋਠੀ ਦੀ ਰੈਕੀ ਕਰ ਰਹੇ ਸਨ। ਜਦੋਂ ਉਸ ਨੇ ਆਪਣੇ ਤੌਰ ’ਤੇ ਭਾਲ ਕੀਤੀ ਤਾਂ ਉਨ੍ਹਾਂ ਦਾ ਨਾਮ ਮੁਕੇਸ਼ ਕੁਮਾਰ ਪੁੱਤਰ ਰਾਮ ਰਾਏ ਸਨੀ ਵਾਸੀ ਗਾਬਾ ਕਲੋਨੀ, ਦੂਸਰਾ ਵਿਸ਼ਾਲ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮਨਸਾ ਦੇਵੀ ਨਗਰ ਸਤਨਾਮਪੁਰਾ ਵਜੋਂ ਹੋਈ। ਉਹ ਮੇਰੀ ਕੋਠੀ ’ਚੋਂ ਚੋਰੀ ਕੀਤਾ ਹੋਇਆ ਸਾਮਾਨ ਵੇਚਣ ਲਈ ਗਾਹਕ ਲੱਭ ਰਹੇ ਸਨ। ਉਕਤ ਦੋਵੇਂ ਮੁਲਜ਼ਮਾਂ ਸਬੰਧੀ ਉਨ੍ਹਾਂ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਦੋਵਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।