ਐੱਫਆਈਆਰ ਨੂੰ 20 ਦਿਨ ਬੀਤੇ, ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੰਗੀਨ ਜੁਰਮ ਦੀ ਐਫ.ਆਈ.ਆਰ. ਨੂੰ 20 ਦਿਨ ਬੀਤੇ, ਮੁਲਜ਼ਮ ਅਜੇ ਵੀ ਫਗਵਾੜਾ ਪੁਲਿਸ ਦੀ ਗਿਰਫਤ ਤੋਂ ਬਾਹਰ
Publish Date: Fri, 17 Jul 2026 06:54 PM (IST)
Updated Date: Fri, 17 Jul 2026 06:55 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਤੇਜ਼ਧਾਰ ਹਥਿਆਰਾਂ ਸਮੇਤ ਘਰ ’ਚ ਵੜ ਕੇ ਦੋ ਨੌਜਵਾਨਾਂ ਸਮੇਤ ਤਿੰਨ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰਨ, ਔਰਤਾਂ ਨਾਲ ਕਥਿਤ ਬਦਸਲੂਕੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਹੋਣ ਦੇ 20 ਦਿਨ ਬੀਤ ਜਾਣ ਉਪਰੰਤ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਫਗਵਾੜਾ ਪੁਲਿਸ ਦੀ ਕਾਰਗੁਜ਼ਾਰੀ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ’ਚ ਹੈ। ਨਜ਼ਦੀਕੀ ਪਿੰਡ ਖਲਵਾੜਾ ਦੇ ਵਸਨੀਕ ਗੁਰਨਾਮ ਸਿੰਘ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਪੋਤਾ ਜਗਦੀਪ ਸਿੰਘ ਉਰਫ਼ ਜੱਗੀ ਆਪਣੀ ਦੁਕਾਨ ’ਤੇ ਕਥਿਤ ਤੌਰ ’ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਕੱਠਾ ਕਰਦਾ ਹੈ, ਜੋ ਉਨ੍ਹਾਂ ਦੇ ਪਰਿਵਾਰ ਦੀਆਂ ਲੜਕੀਆਂ ਨਾਲ ਆਉਂਦੇ-ਜਾਂਦੇ ਛੇੜਛਾੜ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਦਾ ਵਿਰੋਧ ਕਰਨ ਦੀ ਰੰਜਿਸ਼ ਰੱਖਦਿਆਂ ਜਗਦੀਪ ਸਿੰਘ ਉਰਫ਼ ਜੱਗੀ ਨੇ 26 ਅਤੇ 27 ਜੂਨ ਨੂੰ ਗੰਡਾਸੇ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਸਮੇਤ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ। ਇਸ ਘਟਨਾ ਵਿੱਚ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖਲਵਾੜਾ ਜ਼ਖ਼ਮੀ ਹੋਏ, ਜਿਨ੍ਹਾਂ ’ਚ ਗੁਰਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਗੁਰਨਾਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਰਿਕਾਰਡਿੰਗ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਇਸ ਦੀ ਫੁਟੇਜ ਪੁਲਿਸ ਨੂੰ ਸਬੂਤ ਵਜੋਂ ਸੌਂਪ ਦਿੱਤੀ ਗਈ ਹੈ। ਥਾਣਾ ਸਦਰ ਫਗਵਾੜਾ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜਗਦੀਪ ਸਿੰਘ ਉਰਫ਼ ਜੱਗੀ ਪੁੱਤਰ ਸੰਤੋਖ ਸਿੰਘ, ਬਲਜੀਤ ਕੌਰ ਪਤਨੀ ਸੰਤੋਖ ਸਿੰਘ ਤੋਂ ਇਲਾਵਾ ਪ੍ਰਭ, ਗੋਸ਼ਾ ਤੇ ਇੱਕ ਅਣਪਛਾਤੇ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਨੰਬਰ 59 ਮਿਤੀ 29.06.2026 ਅਧੀਨ ਧਾਰਾਵਾਂ 115(2), 333, 79, 351, 191(3) ਅਤੇ 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐੱਫਆਈਆਰ ਦਰਜ ਹੋਣ ਦੇ 20 ਦਿਨ ਬਾਅਦ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਹਨ। ਗੁਰਨਾਮ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਐੱਫਆਈਆਰ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਹੋਣ ਦੇ ਬਾਵਜੂਦ ਜਾਣਬੁੱਝ ਕੇ ਗ੍ਰਿਫ਼ਤਾਰੀ ਵਿੱਚ ਦੇਰੀ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਅਦਾਲਤ ਤੋਂ ਅਗਾਊਂ ਜਾਂ ਨਿਯਮਤ ਜ਼ਮਾਨਤ ਲੈ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਮੁਲਜ਼ਮਾਂ ਤੋਂ ਜਾਨ-ਮਾਲ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ ਅਤੇ ਪਰਿਵਾਰ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰ ਦਾ ਕੋਈ ਵੀ ਮੈਂਬਰ ਇਕੱਲਾ ਬਾਹਰ ਜਾਣ ਤੋਂ ਗੁਰੇਜ਼ ਕਰਦਾ ਹੈ, ਕਿਉਂਕਿ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਪਰ ਹਾਲੇ ਤਕ ਨਹੀਂ ਹੋਈ ਕਾਰਵਾਈ ਇਸ ਸਬੰਧੀ ਡੀਐੱਸਪੀ ਅਤੇ ਐੱਸਪੀ ਫਗਵਾੜਾ ਨੂੰ ਜਾਣੂ ਕਰਵਾਉਣ ਤੋਂ ਇਲਾਵਾ 10 ਜੁਲਾਈ ਨੂੰ ਐੱਸਐੱਸਪੀ ਕਪੂਰਥਲਾ ਦੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਹਾਲੇ ਤਕ ਕੋਈ ਠੋਸ ਕਾਰਵਾਈ ਨਹੀਂ ਹੋਈ। ਗੁਰਨਾਮ ਸਿੰਘ ਅਨੁਸਾਰ ਭਾਵੇਂ ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ, ਪਰ ਉਹ ਇਲਾਕੇ ਵਿੱਚ ਸਰੇਆਮ ਘੁੰਮ ਰਹੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੂੰ ਇੱਕ ਸਿਆਸੀ ਪਾਰਟੀ ਦੀ ਸਰਪ੍ਰਸਤੀ ਪ੍ਰਾਪਤ ਹੈ ਅਤੇ ਉਹ ਕਥਿਤ ਤੌਰ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਬੰਦਾ ਮਾਰ ਕੇ ਹੀ ਅੰਦਰ ਜਾਵਾਂਗੇ।