- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਮਣੀ ਅਕਾਲੀ ਦਲ ’ਚ ਘਮਸਾਣ, ਟਕਸਾਲੀ ਆਗੂਆਂ ਤੇ ਹਲਕਾ ਇੰਚਾਰਜ ਵਿਚਾਲੇ ਛਿੜੀ ਸ਼ਬਦੀ ਜੰਗ

।ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹੇ ਸਿਆਸੀ ਟਕਰਾਅ ਵਿੱਚ ਬਦਲਦੀ ਦਿਖਾਈ ਦੇ ਰਹੀ ਹੈ। ਪਾਰਟੀ ਦੇ ਟਕਸਾਲੀ ਅਤੇ ਪੁਰਾਣੇ ਆਗੂਆਂ ਵੱਲੋਂ ਹਲਕਾ ਇੰਚਾਰਜ ਐੱਚਐੱਸ ਵਾਲੀਆ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ, ਜਦਕਿ ਵਾਲੀਆ ਨੇ ਵੀ ਇਨ੍ਹਾਂ ਆਗੂਆਂ ਵਿਰੁੱਧ ਤਿੱਖਾ ਰੁਖ਼ ਅਖ਼ਤਿਆਰ ਕਰ ਲਿਆ ਹੈ। ਦੋਵਾਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ਨਾਲ ਹਲਕੇ ਵਿੱਚ ਅਕਾਲੀ ਦਲ ਦੀ ਜਥੇਬੰਦਕ ਏਕਤਾ ਅਤੇ ਲੀਡਰਸ਼ਿਪ ਦੀ ਕਾਰਜਸ਼ੈਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਯੁਕਤ ਕੀਤੇ ਗਏ ਨੌਜਵਾਨ ਹਲਕਾ ਇੰਚਾਰਜ ਕਪੂਰਥਲਾ ਐੱਚਐੱਸ ਵਾਲੀਆ ਅਤੇ ਟਕਸਾਲੀ ਤੇ ਸੀਨੀਅਰ ਅਕਾਲੀ ਆਗੂਆਂ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੰਮੇ ਸਿਆਸੀ ਤਜਰਬੇ ਅਤੇ ਪਾਰਟੀ ਪ੍ਰਤੀ ਯੋਗਦਾਨ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਜਦੋਕਿ ਵਾਲੀਆ ਉਹਨਾ ਦੀ ਭੂਮਿਕਾ ਨੂੰ ਪਾਰਟੀ ਨੂੰ ਅੰਦਰੂਨੀ ਢਾਹ ਲਗਾਉਣ ਵਾਲੀ ਦੱਸ ਰਿਹਾ ਹੈ।
ਐੱਸਜੀਪੀਸੀ ਮੈਂਬਰ ਜਰਨੈਲ ਸਿੰਘ ਡੋਗਰਾਵਾਲ ਵੱਲੋਂ ਵਾਲੀਆ ਦੀ ਪਾਰਟੀ ਪ੍ਰਤੀ ਵਫ਼ਾਦਾਰੀ ’ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਵਾਲੀਆ ਨੇ ਵੀ ਤਿੱਖਾ ਪਲਟਵਾਰ ਕਰਦਿਆਂ ਡੋਗਰਾਵਾਲ, ਦਵਿੰਦਰ ਬੀਰ ਸਿੰਘ ਚਾਹਲ ਅਤੇ ਸਾਬਕਾ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਐਡਵੋਕੇਟ ਸਮੇਤ ਹੋਰ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ। ਇਸ ਵਿਵਾਦ ਵਿੱਚ ਹੁਣ ਗੱਲ ਸਿਰਫ਼ ਅਣਦੇਖੀ ਅਤੇ ਮਾਣ-ਸਤਿਕਾਰ ਤੱਕ ਸੀਮਤ ਨਹੀਂ ਰਹੀ, ਸਗੋਂ ਪਾਰਟੀ ਨਾਲ ਵਫ਼ਾਦਾਰੀ, ਚੋਣ ਕਾਰਗੁਜ਼ਾਰੀ ਅਤੇ ਧਾਰਮਿਕ ਸੰਸਥਾ ਦੇ ਪ੍ਰਬੰਧਾਂ ਬਾਰੇ ਵੀ ਇਲਜ਼ਾਮਬਾਜ਼ੀ ਹੋਣ ਲੱਗੀ ਹੈ। ਐਚਐਸ ਵਾਲੀਆ ਨੇ ਇਨ੍ਹਾਂ ਆਗੂਆਂ ਦੀ ਸਿਆਸੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ‘ਅਖ਼ਬਾਰੀ ਲੀਡਰ’ ਕਰਾਰ ਦਿੱਤਾ ਹੈ।
---
ਡੋਗਰਾਵਾਲ ਦਾ ਹਮਲਾ: ‘ਵਾਲੀਆ ਅਕਾਲੀ ਦਲ ਦਾ ਕੋਈ ਸੇਵਾਦਾਰ ਨਹੀਂ’
ਐੱਸਜੀਪੀਸੀ ਮੈਂਬਰ ਜਰਨੈਲ ਸਿੰਘ ਡੋਗਰਾਵਾਲ ਨੇ ਐੱਚਐੱਸ ਵਾਲੀਆ ’ਤੇ ਹਮਲਾ ਕਰਦਿਆਂ ਕਿਹਾ ਕਿ ਵਾਲੀਆ ਅਕਾਲੀ ਦਲ ਦਾ ਕੋਈ ਪੁਰਾਣਾ ਸੇਵਾਦਾਰ ਨਹੀਂ ਹੈ। ਡੋਗਰਾਵਾਲ ਨੇ ਦਾਅਵਾ ਕੀਤਾ, “ਇਹ ਇੱਥੇ ਡੇਢ ਸਾਲ ਪਹਿਲਾ ਆਇਆ ਤੇ ਇਹ ਜਿਆਦਾ ਦੇਰ ਇੱਥੇ ਟਿੱਕੇਗਾ ਨਹੀ ਸਗੋ ਛੇਤੀ ਚਲਾ ਜਾਵੇਗਾ। ਇਹ ਆਮ ਆਦਮੀ ਪਾਰਟੀ ਦਾ ਬੰਦਾ ਹੈ। ਡੋਗਰਾਵਾਲ ਨੇ ਵਾਲੀਆ ਵੱਲੋਂ ਟਕਸਾਲੀ ਅਕਾਲੀਆਂ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਪੁਰਾਣੇ ਆਗੂਆਂ ਵਿਰੁੱਧ ਅਜਿਹੀ ਘਟੀਆ ਅਤੇ ਭੱਦੀ ਭਾਸ਼ਾ ਵਰਤਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀਆਂ ਨੇ ਪਾਰਟੀ ਲਈ ਲੰਮਾ ਸਮਾਂ ਕੰਮ ਕੀਤਾ, ਜੇਲ੍ਹਾਂ ਕੱਟੀਆਂ ਅਤੇ ਔਖੇ ਦੌਰ ਵਿੱਚ ਵੀ ਪਾਰਟੀ ਦਾ ਸਾਥ ਨਹੀਂ ਛੱਡਿਆ।
ਆਪਣੀ ਪਾਰਟੀ ਨਾਲ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਡੋਗਰਾਵਾਲ ਨੇ ਕਿਹਾ ਕਿ ਉਹ ਕਰੀਬ 50 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਪਰਿਵਾਰ ਲਗਭਗ 30 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਵਜੋਂ ਸੇਵਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਮੁਤਾਬਕ, ਅਜਿਹੇ ਪਿਛੋਕੜ ਵਾਲੇ ਆਗੂਆਂ ਨੂੰ ਅਣਡਿੱਠਾ ਕਰਨਾ ਅਤੇ ਉਨ੍ਹਾਂ ਦੀ ਵਫ਼ਾਦਾਰੀ ’ਤੇ ਸਵਾਲ ਚੁੱਕਣਾ ਠੀਕ ਨਹੀਂ ਹੈ।
--
ਚਾਹਲ ਤੇ ਪਰਮਜੀਤ ਐਡਵੋਕੇਟ ਵੀ ਵਾਲੀਆ ਦੇ ਨਿਸ਼ਾਨੇ ’ਤੇ
ਵਾਲੀਆ ਨੇ ਦਵਿੰਦਰ ਬੀਰ ਸਿੰਘ ਚਾਹਲ ਅਤੇ ਪਰਮਜੀਤ ਸਿੰਘ ਐਡਵੋਕੇਟ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਦੀ ਸਿਆਸੀ ਭੂਮਿਕਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਆਗੂ ਹਰ ਚੋਣ ਦੌਰਾਨ ਪਾਰਟੀ ਦੇ ਹਿੱਤਾਂ ਦੇ ਉਲਟ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਅਸਲ ਸਿਆਸੀ ਹੈਸੀਅਤ ਦਾ ਅੰਦਾਜ਼ਾ ਉਨ੍ਹਾਂ ਦੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਤੋਂ ਲਾਇਆ ਜਾ ਸਕਦਾ ਹੈ। ਵਾਲੀਆ ਮੁਤਾਬਕ, ਸਿਰਫ਼ ਆਪਣੇ ਆਪ ਨੂੰ ਟਕਸਾਲੀ ਜਾਂ ਸੀਨੀਅਰ ਆਗੂ ਕਹਿਣ ਨਾਲ ਕੋਈ ਵਿਅਕਤੀ ਪਾਰਟੀ ਦਾ ਵੱਡਾ ਹਿਤੈਸ਼ੀ ਸਾਬਤ ਨਹੀਂ ਹੋ ਜਾਂਦਾ।
--
ਆਗੂਆਂ ਦੀ ਨਾਰਾਜ਼ਗੀ ਨੂੰ ਬਾਦਲ ਵਿਰੁੱਧ ਬਗਾਵਤ ਨਹੀਂ ਕਿਹਾ ਜਾ ਸਕਦਾ : ਡੋਗਰਾਵਾਲ
ਦੂਜੇ ਪਾਸੇ, ਚਾਹਲ, ਡੋਗਰਾਵਾਲ ਅਤੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਲਕੇ ਵਿੱਚ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾ ਇਸ ਰਵੱਈਏ ਨੂੰ ਕਿਰਦਾਰਕੁਸ਼ੀ ਕਰਾਰ ਦਿੱਤਾ ਹੈ। ਡੋਗਰਾਂਵਾਲ ਨੇ ਕਿਹਾ ਕਿ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਨੂੰ ਸੁਖਬੀਰ ਸਿੰਘ ਬਾਦਲ ਵਿਰੁੱਧ ਬਗਾਵਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਦਾ ਦਾਅਵਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ, ਪਰ ਇਸ ਟੀਚੇ ਲਈ ਪਾਰਟੀ ਅੰਦਰ ਇਕਜੁੱਟਤਾ ਅਤੇ ਆਪਸੀ ਸਤਿਕਾਰ ਲਾਜ਼ਮੀ ਹੈ। ਉਨ੍ਹਾਂ ਐਲਾਨ ਕੀਤਾ ਕਿ ਟਕਸਾਲੀ ਆਗੂ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਜਾਣਗੇ ਅਤੇ ਕਪੂਰਥਲਾ ਹਲਕੇ ਦੀ ਵਾਗਡੋਰ ਕਿਸੇ ਅਜਿਹੇ ਆਗੂ ਨੂੰ ਸੌਂਪਣ ਦੀ ਮੰਗ ਕਰਨਗੇ, ਜੋ ਸਾਰੇ ਧੜਿਆਂ ਨੂੰ ਪ੍ਰਵਾਨ ਹੋਵੇ ਅਤੇ ਪਾਰਟੀ ਨੂੰ ਇਕੱਠਾ ਕਰ ਸਕੇ। ਡੋਗਰਾਵਾਲ ਮੁਤਾਬਕ, ਪੁਰਾਣੇ ਆਗੂਆਂ ਨੇ ਪਾਰਟੀ ਲਈ ਲੰਮਾ ਸਮਾਂ ਲਾਇਆ ਹੈ, ਇਸ ਲਈ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ।
--
ਚੋਣ ਹਾਰਾਂ ਅਤੇ ਜਥੇਬੰਦਕ ਕਾਰਗੁਜ਼ਾਰੀ ’ਤੇ ਵੀ ਸਵਾਲ
ਡੋਗਰਾਵਾਲ ਨੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਮਿਲੀਆਂ ਹਾਰਾਂ ਦਾ ਹਵਾਲਾ ਦਿੰਦਿਆਂ ਹਲਕਾ ਪੱਧਰ ’ਤੇ ਲੀਡਰਸ਼ਿਪ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੀ ਲੋੜ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈ ਕੇ ਹੀ ਪਾਰਟੀ ਆਪਣਾ ਜਨ ਆਧਾਰ ਵਧਾ ਸਕਦੀ ਹੈ। ਓਧਰ ਐਚਐਸ ਵਾਲੀਆ ਇਸ ਦੇ ਉਲਟ ਚੋਣਾਂ ਵਿੱਚ ਮਿਲੀਆਂ ਵੋਟਾਂ ਨੂੰ ਆਗੂਆਂ ਦੀ ਅਸਲ ਕਾਰਗੁਜ਼ਾਰੀ ਦਾ ਪੈਮਾਨਾ ਮੰਨਦੇ ਹਨ। ਉਹਨਾ ਕਿਹਾ ਇਹਨਾ ਤਥਾਤਖਿਤ ਟਕਸਾਲੀ ਆਗੂਆ ਦੇ ਪਿੰਡਾ ਚ ਅਕਾਲੀ ਦਲ ਦੇ ਪੱਖ ਚ ਵੋਟਾ ਨਹੀ ਪੈਦੀਆ ਤੇ ਬਾਕੀ ਹਲਕੇ ਚ ਇਹ ਕੀ ਕਰ ਸਕਦੇ ਹਨ, ਉਸ ਬਾਰੇ ਹਾਈਕਮਾਡ ਨੂੰ ਜਾਣੂ ਕਰਵਾਇਆ ਜਾਵੇਗਾ।