- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ ਹੋਵੇਗੀ ਸਹੀ ਮਾਰਗ ਦਿਸ਼ਾ: ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਡੇਰਾ ਚਹੇੜੂ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਨੇ ਕਿਹਾ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਤੇ ਵਿਚਾਰਧਾਰਾ ਮਨੁੱਖਤਾ ਨੂੰ ਸੱਚ, ਸਮਾਨਤਾ, ਭਾਈਚਾਰੇ ਤੇ ਸੇਵਾ ਦਾ ਮਾਰਗ ਦਿਖਾਉਂਦੀ ਹੈ। ਜੇਕਰ ਮਨੁੱਖ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਕੇਵਲ ਸੁਣਨ ਤੱਕ ਸੀਮਤ ਨਾ ਰੱਖ ਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਵੇ ਤਾਂ ਉਹ ਸਹੀ ਮਾਰਗ ਤੇ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ। ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਨੇ ਕਿਹਾ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸਮਾਜ ਵਿੱਚੋਂ ਊਚ-ਨੀਚ, ਭੇਦਭਾਵ ਤੇ ਜਾਤ-ਪਾਤ ਦੀਆਂ ਕੰਧਾਂ ਨੂੰ ਖ਼ਤਮ ਕਰਕੇ ਹਰ ਮਨੁੱਖ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਸੱਚਾਈ, ਨਿਮਰਤਾ, ਮਿਹਨਤ, ਇਮਾਨਦਾਰੀ ਤੇ ਦੂਜਿਆਂ ਦੀ ਸੇਵਾ ਨੂੰ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਨੌਜਵਾਨ ਜੇਕਰ ਮਹਾਨ ਸੰਤਾਂ-ਗੁਰੂਆਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਤਾਂ ਉਹ ਨਸ਼ਿਆਂ, ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਇੱਕ ਚੰਗੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨ, ਵਿਚਾਰਨ ਤੇ ਉਸ ’ਤੇ ਅਮਲ ਕਰਨ।
ਇਸ ਮੌਕੇ ਡੇਰਾ ਚਹੇੜੂ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸੰਗਤਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਦੇ ਵਿਚਾਰਾਂ ਨੂੰ ਸ਼ਰਧਾ ਨਾਲ ਸੁਣਿਆ ਗਿਆ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਹਾਰਾਜ ਜੀ ਹਾਲ ਹੀ ਵਿੱਚ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਬਾਅਦ ਵਿਦੇਸ਼ ਦੀ ਧਰਤੀ ਤੋਂ ਡੇਰਾ ਚਹੇੜੂ ਵਾਪਸ ਪਰਤੇ ਹਨ।