- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਗਿਲ ਵਿਜੇ ਦਿਵਸ ਮੌਕੇ 21 ਪੰਜਾਬ ਬਟਾਲੀਅਨ ਐਨਸੀਸੀ ਵੱਲੋਂ 450 ਪੌਦੇ ਲਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ :
ਕਾਰਗਿਲ ਵਿਜੇ ਦਿਵਸ ਮੌਕੇ ਜਲੰਧਰ ਗਰੁੱਪ ਅਧੀਨ 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਵੱਲੋਂ 22 ਤੋਂ 24 ਜੁਲਾਈ ਤੱਕ ਤਿੰਨ ਰੋਜ਼ਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਾਰਗਿਲ ਯੁੱਧ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼-ਭਗਤੀ, ਵਾਤਾਵਰਨ ਸੰਭਾਲ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਤ ਕਈ ਸਰਗਰਮੀਆਂ ਕਰਵਾਈਆਂ ਗਈਆਂ। ਸਮਾਗਮ ਦੀ ਅਗਵਾਈ ਕਮਾਂਡਿੰਗ ਅਫ਼ਸਰ ਕਰਨਲ ਆਰ. ਕੇ. ਚੌਹਾਨ ਨੇ ਕੀਤੀ। ਸਮਾਗਮ ਦੇ ਆਖਰੀ ਦਿਨ ਅਰਬਨ ਐਸਟੇਟ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਅਰਬਨ ਐਸਟੇਟ ਵਿਖੇ ਵਿਸ਼ਾਲ ਪੱਧਰ 'ਤੇ ਰੁੱਖ ਲਗਾਓ ਮੁਹਿੰਮ ਚਲਾਈ, ਜਿਸ ਦੌਰਾਨ 450 ਬੂਟੇ ਲਾਏ। ਇਸ ਮੁਹਿੰਮ ਵਿੱਚ 450 ਐੱਨਸੀਸੀ ਕੈਡਿਟਾਂ ਨੇ ਹਿੱਸਾ ਲੈਂਦਿਆਂ ਵਾਤਾਵਰਨ ਦੀ ਸੰਭਾਲ ਅਤੇ ਰੁੱਖਾਂ ਦੀ ਸੁਰੱਖਿਆ ਦਾ ਸੰਕਲਪ ਲਿਆ। ਇਸ ਮੌਕੇ ਕੈਡਿਟਾਂ ਨੂੰ ਕਾਰਗਿਲ ਯੁੱਧ 'ਤੇ ਆਧਾਰਿਤ ਡਾਕੂਮੈਂਟਰੀ ਵੀ ਵਿਖਾਈ ਗਈ, ਜਿਸ ਰਾਹੀਂ ਉਨ੍ਹਾਂ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਬਹਾਦਰੀ ਅਤੇ ਸ਼ਹੀਦਾਂ ਦੇ ਬਲਿਦਾਨ ਤੋਂ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ‘ਦੇਸ਼ਭਗਤੀ’ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਕੈਡਿਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ’ਚ ਪੰਜਾਬ ਟੈਕਨੀਕਲ ਯੂਨੀਵਰਸਿਟੀ, ਨਵਾਬ ਜੱਸਾ ਸਿੰਘ ਅਹਲੂਵਾਲੀਆ ਸਰਕਾਰੀ ਕਾਲਜ, ਹਿੰਦੂ ਕੰਨਿਆ ਕਾਲਜ, ਸਕੂਲ ਆਫ ਐਮੀਨੈਂਸ, ਐੱਮਡੀਐੱਸ ਸੀਨੀਅਰ ਸੈਕੰਡਰੀ ਸਕੂਲ, ਐਮਜੀਐਨ ਪਬਲਿਕ ਸਕੂਲ, ਕੈਂਬਰਿਜ ਇੰਟਰਨੈਸ਼ਨਲ ਪਬਲਿਕ ਸਕੂਲ, ਕੇਂਦਰੀ ਵਿਦਿਆਲਿਆ ਨੰਬਰ 1 ਅਤੇ 2 ਆਰਸੀਐੱਫ, ਆਰਮੀ ਪਬਲਿਕ ਸਕੂਲ ਬਿਆਸ ਅਤੇ ਪਾਥਸੀਕਰ ਸਕੂਲ ਡੇਰਾ ਬਿਆਸ ਦੇ ਐਨਸੀਸੀ ਕੈਡਿਟਾਂ ਨੇ ਸ਼ਮੂਲੀਅਤ ਕੀਤੀ। ਪ੍ਰਸ਼ਾਸਕੀ ਅਧਿਕਾਰੀ ਕਰਨਲ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਕਾਰਗਿਲ ਦੇ ਸ਼ਹੀਦਾਂ ਦਾ ਬਲਿਦਾਨ ਦੇਸ਼ਵਾਸੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ। ਉਨ੍ਹਾਂ ਹਰ ਨਾਗਰਿਕ ਨੂੰ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ-ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਰਬਨ ਐਸਟੇਟ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਾਗਰਾ, ਜਨਰਲ ਸਕੱਤਰ ਹੇਮੰਤ ਕੁਮਾਰ ਪੁਰਾਣੀ, ਪੈਟਰਨ ਐਡਵੋਕੇਟ ਅਨੁਜ ਆਨੰਦ, ਲਖਵਿੰਦਰ ਸਿੰਘ ਮੱਲ ਅਤੇ ਵਿਕਾਸ ਪੁਰੀ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਹਰ ਸ਼ਹੀਦ ਦੇ ਨਾਮ ਇਕ ਰੁੱਖ–ਹਰ ਨਾਗਰਿਕ ਲਈ ਇੱਕ ਹਰਿਆ-ਭਰਿਆ ਭਵਿੱਖ" ਦੇ ਸੰਦੇਸ਼ ਨਾਲ ਕੀਤਾ।