ਸਪੋਰਟਸ ਵਿੰਗ‘ਚ ਦਾਖਲਿਆਂ ਲਈ ਟ੍ਰਾਇਲ 4 ਤੋਂ
ਸਪੋਰਟਸ ਵਿੰਗ‘ਚ ਦਾਖਲਿਆਂ ਲਈ ਟ੍ਰਾਇਲ 4 ਅਪ੍ਰੈਲ ਤੋਂ
Publish Date: Mon, 30 Mar 2026 08:38 PM (IST)
Updated Date: Mon, 30 Mar 2026 08:39 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖੇਡ ਵਿਭਾਗ ਪੰਜਾਬ ਵੱਲੋਂ 2026-27 ਦੇ ਸੀਜ਼ਨ ਲਈ ਸਪੋਰਟਸ ਵਿੰਗ ਸਕੂਲ ਲੜਕੇ-ਲੜਕੀਆਂ (ਉਮਰ-14,17,19) ਵਿਚ ਹੋਣਹਾਰ ਡੇ-ਸਕਾਲਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਸਥਾਨਾਂ‘ਤੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਮਿਤੀ 4 ਅਪ੍ਰੈਲ ਤੋਂ 6 ਅਪ੍ਰੈਲ ਤੱਕ ਐਥਲੈਟਿਕਸ, ਬਾਸਕਟਬਾਲ, ਕਬੱਡੀ ਤੇ ਹਾਕੀ ਲਈ ਟ੍ਰਾਇਲ ਲਏ ਜਾਣਗੇ। ਇਸ ਤੋਂ ਇਲਾਵਾ ਫਗਵਾੜਾ ਦੀ ਆਰਪੀਡੀ ਓਲੰਪਿਕ ਕੁਸ਼ਤੀ ਅਕੈਡਮੀ ਵਿਖੇ 4 ਅਪ੍ਰੈਲ ਤੋਂ 6 ਅਪ੍ਰੈਲ ਤੱਕ ਕੁਸ਼ਤੀ ਤੇ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ 6 ਅਪ੍ਰੈਲ ਨੂੰ ਕੈਕਿੰਗ ਐਂਡ ਕਨੋਇੰਗ ਦੇ ਟ੍ਰਾਇਲ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀਆਂ/ਖਿਡਾਰਣਾਂ ਦਾ ਜਨਮ ਅੰਡਰ-14 ਲਈ 01-01-2013, ਅੰਡਰ-17 ਲਈ 01.01.2010 ਤੇ ਅੰਡਰ-19 ਲਈ 01.01.2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲੇ ਤਿੰਨ ਸਥਾਨਾਂ ਵਿਚੋਂ ਕੋਈ ਇਕ ਸਥਾਨ ਹਾਸਲ ਕੀਤਾ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ ਹੋਵੇ। ਇਸ ਤੋਂ ਇਲਾਵਾ ਟ੍ਰਾਇਲ ਦੇ ਆਧਾਰ ‘ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਯੋਗ ਖਿਡਾਰੀ ਉਕਤ ਦਰਸਾਈਆਂ ਮਿਤੀਆਂ ਅਨੁਸਾਰ ਸਬੰਧਤ ਟ੍ਰਾਇਲ ਵਾਲੇ ਸਥਾਨਾਂ ਉੱਤੇ ਸਵੇਰੇ 8 ਵਜੇ ਰਜਿਸਟਰੇਸ਼ਨ ਲਈ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟ੍ਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫ਼ਤਰ ਜ਼ਿਲ੍ਹਾ ਖੇਡ ਅਫਸਰ ਤੋਂ ਮੁਫ਼ਤ ਲਏ ਜਾ ਸਕਦੇ ਹਨ। ਟ੍ਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਲਿਆਉਣਾ ਯਕੀਨੀ ਬਣਾਉਣ ਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਦਾਖਲਾ ਫਾਰਮ ਦੇ ਨਾਲ ਲਗਾਉਣਾ ਲਾਜ਼ਮੀ ਹੋਵੇਗਾ।