ਜੈਨਪੁਰ ਨੇੜਲੀ ਝੱਲ ਬੀੜ੍ਹ ’ਚ ਦਿਨ-ਦਿਹਾੜੇ ਹੋ ਰਹੀ ਰੁੱਖਾਂ ਦੀ ਕਟਾਈ ਜੈਨਪੁਰ ਨੇੜਲੀ ਝੱਲ ਬੀੜ੍ਹ ਵਿਖੇ ਜੰਗਲਾਤ ਵਿਭਾਗ ਦੀ ਨੱਕ ਹੇਠ ਦਿਨ-ਦਿਹਾੜੇ ਹੋ ਰਹੀ ਰੁੱਖਾਂ ਦੀ ਕਟਾਈ
Publish Date: Fri, 13 Nov 2026 07:26 PM (IST)
Updated Date: Fri, 13 Nov 2026 07:27 PM (IST)
-ਫੌਜੀ ਕਲੋਨੀ ਨੇੜੇ ਰੇਲਵੇ ਲਾਈਨ ਕੋਲ ਦੋ ਵਿਅਕਤੀਆਂ ਵੱਲੋਂ ਕੱਟਿਆ ਜਾ ਰਿਹਾ ਸੀ ਰੁੱਖ -ਪੱਤਰਕਾਰ ਵਲੋਂ ਦਿੱਤੀ ਸੂਚਨਾ ਤੇ ਮੌਕੇ ਤੇ ਪਹੁੰਚੇ ਗਾਰਡ ਨੇ ਕੀਤੀ ਪੁਸ਼ਟੀ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਦੇ ਪਿੰਡ ਜੈਨਪੁਰ ਨੇੜੇ ਸਥਿਤ ਝੱਲ ਬੀੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਦਿਨ-ਦਿਹਾੜੇ ਰੁੱਖਾਂ ਦੀ ਕਟਾਈ ਹੋਣ ਦਾ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਤਾਇਨਾਤੀ ਦੇ ਬਾਵਜੂਦ ਕਥਿਤ ਤੌਰ ਤੇ ਰੁੱਖਾਂ ਦੀ ਕਟਾਈ ਦਾ ਕੰਮ ਸ਼ਰੇਆਮ ਚੱਲ ਰਿਹਾ ਸੀ, ਜਿਸ ਕਾਰਨ ਵਿਭਾਗ ਦੇ ਪ੍ਰਬੰਧਾਂ ਤੇ ਨਿਗਰਾਨੀ ਪ੍ਰਣਾਲੀ ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12 ਵਜੇ ਫੌਜੀ ਕਲੋਨੀ ਨੇੜੇ ਰੇਲਵੇ ਲਾਈਨ ਕੋਲ ਦੋ ਪਰਵਾਸੀ ਵਿਅਕਤੀਆਂ ਵੱਲੋਂ ਇੱਕ ਛੋਟੇ ਦਰੱਖਤ ਨੂੰ ਕੱਟਿਆ ਜਾ ਰਿਹਾ ਸੀ। ਮੌਕੇ ਤੇ ਜੰਗਲਾਤ ਵਿਭਾਗ ਦੇ ਮੇਟ ਤੇ ਗਾਰਡ ਦੀ ਡਿਊਟੀ ਹੋਣ ਦੇ ਬਾਵਜੂਦ ਇਸ ਗਤੀਵਿਧੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਾ ਹੋਣਾ ਕਈ ਸਵਾਲ ਪੈਦਾ ਕਰਦਾ ਹੈ। ਜਦੋਂ ਇਸ ਮਾਮਲੇ ਸਬੰਧੀ ਪੰਜਾਬੀ ਜਾਗਰਣ ਦੇ ਪੱਤਰਕਾਰ ਵੱਲੋਂ ਜੰਗਲਾਤ ਵਿਭਾਗ ਦੇ ਗਾਰਡ ਮਨਜਿੰਦਰ ਸਿੰਘ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਤਾਂ ਉਹ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਦੱਸਿਆ ਕਿ ਮਿਲੀ ਜਾਣਕਾਰੀ ਸਹੀ ਹੈ। ਹਾਲਾਂਕਿ, ਉਦੋਂ ਤੱਕ ਦਰੱਖਤ ਕੱਟ ਰਹੇ ਦੋਵੇਂ ਵਿਅਕਤੀ ਮੌਕੇ ਤੋਂ ਜਾ ਚੁੱਕੇ ਸਨ। ਪੱਤਰਕਾਰ ਵੱਲੋਂ ਕੱਟੇ ਗਏ ਦਰੱਖਤ ਤੇ ਸਬੰਧਤ ਵਿਅਕਤੀਆਂ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ। ਇਸ ਸਬੰਧੀ ਗਾਰਡ ਮਨਜਿੰਦਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਅੱਜ ਉਨ੍ਹਾਂ ਦੀ ਸੁਲਤਾਨਪੁਰ ਲੋਧੀ ਵਿਖੇ ਵਿਭਾਗ ਨਾਲ ਸਬੰਧਤ ਇੱਕ ਅਦਾਲਤੀ ਕੇਸ ਵਿੱਚ ਪੇਸ਼ੀ ਸੀ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਜਾਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਇੱਕ ਦਰੱਖਤ ਕੱਟਿਆ ਹੋਇਆ ਮਿਲਿਆ ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਜ਼ਿਕਰਯੋਗ ਹੈ ਕਿ ਜੈਨਪੁਰ ਨੇੜੇ ਸਥਿਤ ਜੰਗਲਾਤ ਵਿਭਾਗ ਦੀ ਇਹ ਬੀੜ ਪਹਿਲਾਂ ਵੀ ਕਈ ਵਾਰ ਰੁੱਖਾਂ ਦੀ ਕਟਾਈ ਤੇ ਲੱਕੜਾਂ ਨਾਲ ਸਬੰਧਤ ਮਾਮਲਿਆਂ ਕਾਰਨ ਕਾਫੀ ਚਰਚਾ ਵਿੱਚ ਰਹੀ ਹੈ। ਇਸ ਤੋਂ ਪਹਿਲਾਂ ਵੀ ਜੰਗਲਾਤ ਵਿਭਾਗ ਦੇ ਕੁਝ ਮੁਲਾਜ਼ਮਾਂ ਨੂੰ ਕਥਿਤ ਤੌਰ ਤੇ ਲੱਕੜਾਂ ਦੀ ਕਟਾਈ ਦੇ ਮਾਮਲਿਆਂ ਵਿੱਚ ਮੌਕੇ ਤੇ ਫੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ ਕੁਝ ਸਮੇਂ ਲਈ ਅਜਿਹੀਆਂ ਗਤੀਵਿਧੀਆਂ ਰੁਕੀਆਂ ਰਹੀਆਂ, ਪਰ ਹੁਣ ਮੁੜ ਰੁੱਖਾਂ ਦੀ ਕਟਾਈ ਦਾ ਮਾਮਲਾ ਫਿਰ ਤੋਂ ਸਾਹਮਣੇ ਆਉਣ ਨਾਲ ਵਿਭਾਗ ਦੀ ਕਾਰਗੁਜ਼ਾਰੀ ਤੇ ਮੁੜ ਚਰਚਾ ਸ਼ੁਰੂ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ ਤੇ ਰੁੱਖਾਂ ਦੀ ਕਟਾਈ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਤੇ ਕੁਦਰਤੀ ਵਿਰਾਸਤ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਇਸ ਬੀੜ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਠੋਸ ਕਦਮ ਚੁੱਕਣ ਦੀ ਲੋੜ ਹੈ।