ਖਹਿਰਾ ਦਾ ਤਬਾਦਲਾ ਕਰਨਾ ਨਿੰਦਣਯੋਗ : ਅਧਿਆਪਕ ਦਲ ਪੰਜਾਬ ਆਗੂ ਸੁਖਚੈਨ ਸਿੰਘ ਖਹਿਰਾ ਦਾ ਕੀਤਾ ਗਿਆ ਤਬਾਦਲਾ ਅਤਿ ਨਿੰਦਣਯੋਗ- ਅਧਿਆਪਕ ਦਲ ਪੰਜਾਬ
Publish Date: Tue, 01 Sep 2026 07:48 PM (IST)
Updated Date: Tue, 01 Sep 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ਸਰਕਾਰ ਵੱਲੋਂ ਸਾਂਝਾ ਮੁਲਾਜ਼ਮ ਮੰਚ ਦੇ ਪ੍ਰਮੁੱਖ ਆਗੂ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ ਸਿਵਲ ਸਕੱਤਰੇਤ ਤੋਂ ਯੋਜਨਾ ਸ਼ਾਖਾ ਵਿਚ ਕੀਤਾ ਜਾਣਾ ਅਤਿ ਨਿੰਦਣਯੋਗ ਕਾਰਵਾਈ ਹੈ, ਜਿਸ ਦੀ ਅਧਿਆਪਕ ਦਲ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ, ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਤੇ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਸੰਜ਼ੀਦਗੀ ਨਹੀਂ ਦਿਖਾਈ ਗਈ, ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਾਂਝੇ ਮੰਚ ਦੇ ਝੰਡੇ ਹੇਠ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਵਿਚਾਰਨ ਦੀ ਬਜਾਏ ਸਾਂਝਾ ਮੁਲਾਜ਼ਮ ਮੰਚ ਦੇ ਮੁੱਖ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਨੂੰ ਪੰਜਾਬ ਦੇ ਮੁਲਾਜ਼ਮ ਵਰਗ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਗੂਆਂ ਦੀਆਂ ਬਦਲੀਆਂ ਕਰਨ ਦੀ ਬਜਾਏ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਉਸਾਰੂ ਰਵੱਈਆ ਅਖ਼ਤਿਆਰ ਕੀਤਾ ਜਾਵੇ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ, ਸਟੇਟ ਕਮੇਟੀ ਅਹੁਦੇਦਾਰ ਤੇ ਜ਼ਿਲ੍ਹਾ ਅਹੁਦੇਦਾਰ ਹਾਜ਼ਰ ਸਨ।