ਦੋ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਮੌਤ ਕਪੂਰਥਲਾ ਵਿੱਚ ਦਰਦਨਾਕ ਸੜਕ ਹਾਦਸਾ
Publish Date: Fri, 25 Sep 2026 06:47 PM (IST)
Updated Date: Fri, 25 Sep 2026 06:48 PM (IST)
--ਟਰੱਕ ਤੇ ਬਾਈਕ ਦੀ ਜ਼ਬਰਦਸਤ ਟੱਕਰ ’ਚ 26 ਸਾਲਾ ਨੌਜਵਾਨ ਨੇ ਮੌਕੇ ’ਤੇ ਹੀ ਤੋੜਿਆ ਦਮ ਸੁਖਪਾਲ ਸਿੰਘ ਹੁੰਦਲ/ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਕਪੂਰਥਲਾ/ਬੇਗੋਵਾਲ : ਕਪੂਰਥਲਾ ਦੇ ਨਡਾਲਾ-ਬੇਗੋਵਾਲ ਰੋਡ ’ਤੇ ਬੀਤੀ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 26 ਸਾਲਾ ਬਾਈਕ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਚੌਲਾਂ ਦੀਆਂ ਬੋਰੀਆਂ ਨਾਲ ਭਰੇ ਟਰੱਕ ਤੇ ਬਾਈਕ ਵਿਚਕਾਰ ਹੋਇਆ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਚੰਚਲ ਸਿੰਘ, ਵਾਸੀ ਪਿੰਡ ਤਲਵੰਡੀ ਕੂਕਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਪਿੰਡ ਵਾਪਸ ਆਇਆ ਸੀ। ਨਡਾਲਾ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਡਾਲਾ-ਬੇਗੋਵਾਲ ਰੋਡ ’ਤੇ ਟਰੱਕ ਤੇ ਕੇਟੀਐੱਮ ਬਾਈਕ ਦੀ ਟੱਕਰ ਹੋ ਗਈ ਹੈ। ਦੱਸਿਆ ਗਿਆ ਹੈ ਕਿ ਟਰੱਕ ਸ਼ੈਲਰ ਤੋਂ ਚੌਲਾਂ ਦੀਆਂ ਬੋਰੀਆਂ ਲੈ ਕੇ ਜਾ ਰਿਹਾ ਸੀ, ਜਦਕਿ ਮਨਪ੍ਰੀਤ ਸਿੰਘ ਨਡਾਲਾ ਤੋਂ ਆਪਣੇ ਪਿੰਡ ਤਲਵੰਡੀ ਕੂਕਾ ਵੱਲ ਜਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਿਆਦਾ ਖੂਨ ਵਹਿਣ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਟਰੱਕ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਤਲਵੰਡੀ ਕੂਕਾ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ। ਨੌਜਵਾਨ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।