ਵਪਾਰ ਮੰਡਲ ਨੇ ਟਰੇਡ ਟੈਕਸ ਬੰਦ ਕਰਨ ਦੀ ਕੀਤੀ ਮੰਗ
ਵਪਾਰ ਮੰਡਲ ਨੇ ਡੀਸੀ ਨਾਲ ਕੀਤੀ ਮੁਲਾਕਾਤ, ਟਰੇਡ ਟੈਕਸ ਬੰਦ ਕਰਨ ਦੀ ਉਠਾਈ ਮੰਗ
Publish Date: Mon, 01 Jun 2026 08:07 PM (IST)
Updated Date: Mon, 01 Jun 2026 09:13 PM (IST)

--ਡੀਸੀ ਨਾਲ ਹੈਲਥ ਇੰਸ਼ੋਰੈਂਸ ਕਾਰਡ ਕੈਂਪ ਤੇ ਕਿਰਾਏਦਾਰਾਂ ਦੀ ਰਜਿਸਟ੍ਰੇਸ਼ਨ ਸਮੇਤ ਕਈ ਮੁੱਦਿਆਂ ’ਤੇ ਹੋਈ ਚਰਚਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਵਪਾਰੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ ਦੀ ਅਗਵਾਈ ਹੇਠ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਪਾਰੀਆਂ ਨੇ ਕਪੂਰਥਲਾ ਵਿਚ ਲਾਗੂ ਕੀਤੇ ਜਾ ਰਹੇ ਟਰੇਡ ਟੈਕਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਟੈਕਸ ਸਿਰਫ਼ ਕਪੂਰਥਲਾ ਵਿਚ ਹੀ ਲਾਗੂ ਹੈ, ਜਦਕਿ ਹੋਰ ਸ਼ਹਿਰਾਂ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਵਪਾਰੀਆਂ ਨੇ ਕਿਹਾ ਕਿ ਇਸ ਨਾਲ ਸਥਾਨਕ ਕਾਰੋਬਾਰੀਆਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਮੀਟਿੰਗ ਦੌਰਾਨ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਵਪਾਰੀਆਂ ਤੇ ਆਮ ਲੋਕਾਂ ਦੀ ਸਹੂਲਤ ਲਈ ਹੈਲਥ ਇੰਸ਼ੋਰੈਂਸ ਕਾਰਡ ਕੈਂਪ ਲਗਾਉਣ ਦੀ ਮੰਗ ਵੀ ਰੱਖੀ, ਤਾਂ ਜੋ ਵੱਧ ਤੋਂ ਵੱਧ ਲੋਕ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ ਨਗਰ ਨਿਗਮ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ, ਸਫ਼ਾਈ ਪ੍ਰਬੰਧ, ਸਟਰੀਟ ਲਾਈਟਾਂ, ਸੀਵਰੇਜ ਤੇ ਹੋਰ ਨਾਗਰਿਕ ਸਹੂਲਤਾਂ ਨਾਲ ਜੁੜੇ ਮੁੱਦੇ ਵੀ ਪ੍ਰਮੁੱਖਤਾ ਨਾਲ ਉਠਾਏ ਗਏ। ਵਪਾਰੀਆਂ ਨੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਮੰਗ ਕਰਦਿਆਂ ਕਿਰਾਏਦਾਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦੀ ਸਹੀ ਜਾਣਕਾਰੀ ਪੁਲਿਸ ਰਿਕਾਰਡ ਵਿਚ ਹੋਣ ਨਾਲ ਅਪਰਾਧਾਂ ’ਤੇ ਨਕੇਲ ਪਾਉਣ ਤੇ ਸੁਰੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਬਾਜ਼ਾਰਾਂ ਵਿਚ ਟ੍ਰੈਫਿਕ ਪ੍ਰਬੰਧ, ਪਾਰਕਿੰਗ ਤੇ ਵਪਾਰੀਆਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡੀਸੀ ਆਕਾਸ਼ ਬਾਂਸਲ ਨੇ ਵਪਾਰ ਮੰਡਲ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਸਾਰੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ਤੇ ਜਾਇਜ਼ ਮੰਗਾਂ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਵਪਾਰ ਅਨੁਕੂਲ ਮਾਹੌਲ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਉਮੀਦ ਜਤਾਈ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ’ਤੇ ਸਕਾਰਾਤਮਕ ਫ਼ੈਸਲਾ ਲੈ ਕੇ ਵਪਾਰੀਆਂ ਨੂੰ ਰਾਹਤ ਪ੍ਰਦਾਨ ਕਰੇਗਾ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚੇਤਨ ਸੂਰੀ, ਸੀਨੀਅਰ ਸਰਪ੍ਰਸਤ ਪਰਸ਼ੋਤਮ ਪਾਸੀ, ਸਰਪ੍ਰਸਤ ਧਰਮਪਾਲ ਗਰੋਵਰ, ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਨਵੀਨ ਓਬਰਾਏ, ਉਪ ਪ੍ਰਧਾਨ ਨਰੇਸ਼ ਸੁਜੋਕਾਲੀਆ, ਉਪ ਪ੍ਰਧਾਨ ਕਰਨ ਮਹਾਜਨ, ਉਪ ਪ੍ਰਧਾਨ ਗਿਰੀਸ਼ ਭਸੀਨ, ਜਨਰਲ ਸਕੱਤਰ ਜਗਦੀਸ਼ ਸ਼ਰਮਾ, ਸਕੱਤਰ ਸਤੀਸ਼ ਮਹਾਜਨ, ਸਕੱਤਰ ਧਰਮਵੀਰ ਮਲਹੋਤਰਾ, ਸਕੱਤਰ ਇੰਦਰਪਾਲ ਸਿੰਘ ਭਾਟੀਆ, ਕਮਲ ਪ੍ਰਭਾਕਰ, ਕੌਂਸਲਰ ਵਿੱਕੀ ਗੁਜਰਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।