- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵੰਤ ਮਾਨ ਸਰਕਾਰ ਦੇ ਤਾਬੂਤ ਦਾ ਆਖਰੀ ਕਿੱਲ ਬਣੇਗੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ—ਬਲਵਿੰਦਰ ਸਿੰਘ ਧਾਲੀਵਾਲ

ਭਗਵੰਤ ਮਾਨ ਸਰਕਾਰ ਦੇ ਤਾਬੂਤ ਦਾ ਆਖਰੀ ਕਿੱਲ ਬਣੇਗੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਕਾਂਗਰਸ ਆਗੂ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਕਪੂਰਥਲਾ ਜ਼ਿਲ੍ਹਾ ਕਾਂਗਰਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸਬੰਧ ਵਿੱਚ ਅੱਜ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ, ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਗਰੂਰ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਨੀਤਕ ਭਵਿੱਖ ਤੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਹ ਰੈਲੀ ਅਹਿਮ ਸਾਬਤ ਹੋਵੇਗੀ। ਉਨ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਫਗਵਾੜਾ, ਭੁਲੱਥ, ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤੋਂ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਮੀਟਿੰਗ ਉਪਰੰਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਕਪੂਰਥਲਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਸੰਗਠਨ ਪੂਰੀ ਇਕਜੁੱਟਤਾ ਨਾਲ ਰੈਲੀ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਤੇ ਵਰਕਰਾਂ ਦੀ ਸ਼ਮੂਲੀਅਤ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਵਿਧਾਇਕ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਇਸ ਸਰਕਾਰ ਦਾ ਗਠਨ ਹੋਇਆ ਸੀ ਤਾਂ ਇਸ ਦੇ 92 ਵਿਧਾਇਕਾਂ ਨੂੰ ’92 ਨਗੀਨੇ’ ਦੱਸਿਆ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਇਹ ਨਗੀਨੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣਗੇ, ਪਰ ਮੌਜੂਦਾ ਹਾਲਾਤ ਵਿੱਚ ਪੰਜਾਬ ਨੂੰ ’ਕੰਗਲਾ ਪੰਜਾਬ’ ਬਣਾ ਕੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬਾ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੇ ਕਾਰਜਪ੍ਰਣਾਲੀ ਤੋਂ ਪਰੇਸ਼ਾਨ ਹਨ ਤੇ ਬਦਲਾਅ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 4 ਨਵੰਬਰ ਦੀ ਸੰਗਰੂਰ ਰੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਸਿਆਸੀ ਬਦਲਾਅ ਦਾ ਨਵਾਂ ਆਧਾਰ ਬਣੇਗੀ ਤੇ ਇਸ ਵਿੱਚ ਲੋਕਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਦਿਹਾਤੀ ਬਲਾਕ ਪ੍ਰਧਾਨ ਅਮਰਿੰਦਰ ਪਾਲ ਵਾਲੀਆ, ਮਨਿੰਦਰ ਸਿੰਘ ਮੰਨਾ, ਭੁਲੱਥ ਤੋਂ ਬਲਾਕ ਪ੍ਰਧਾਨ ਸਟੀਫਨ ਕਾਲਾ, ਲਖਵਿੰਦਰ ਸਿੰਘ ਹਮੀਰਾ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਰਣਜੀਤ ਕੌਰ ਰਾਣੀ, ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਅਗਮ ਪਰਾਸ਼ਰ, ਯੂਥ ਕਾਂਗਰਸ ਫਗਵਾੜਾ ਦੇ ਪ੍ਰਧਾਨ ਉੱਜਵਲ ਪ੍ਰਭਾਕਰ, ਪੰਜਾਬ ਕਾਂਗਰਸ ਦੇ ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਮਨੀਸ਼ ਭਾਰਦਵਾਜ, ਕੌਂਸਲਰ ਸੰਜੀਵ ਗੁੱਗਾ, ਡਾ. ਦਰਸ਼ਨ ਕਟਾਰੀਆ, ਗੁਰਦਿਆਲ ਸਿੰਘ ਭੁੱਲਾਰਾਈ, ਅਵਤਾਰ ਸਿੰਘ ਪੰਡਵਾ, ਨਰੇਸ਼ ਗੰਗੜ, ਪਵਨ ਕੁਮਾਰ, ਕੌਂਸਲਰ ਸੌਰਵ ਜੋਸ਼ੀ ਤੇ ਸੋਹਣ ਸਿੰਘ ਪਰਮਾਰ, ਡਾ. ਰਮਨ ਸ਼ਰਮਾ, ਸਾਹਿਲ ਵੋਹਰਾ, ਲੱਕੀ ਰਾਣੀਪੁਰ, ਪਵਨ ਭੁੱਲਾਰਾਈ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ।