ਸਰਕਾਰੀ ਕਾਲਜ ’ਚ ਮਾਨਸਿਕ ਸਿਹਤ ਵਰਕਸ਼ਾਪ ਸੰਪੰਨ ਐਨ.ਜੇ.ਐੱਸ.ਏ. ਸਰਕਾਰੀ ਕਾਲਜ ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਨਸਿਕ ਸਿਹਤ ਵਰਕਸ਼ਾਪ ਸੰਪੰਨ
Publish Date: Fri, 18 Sep 2026 07:39 PM (IST)
Updated Date: Fri, 18 Sep 2026 07:41 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਐੱਨਜੇਐੱਸਏ ਸਰਕਾਰੀ ਕਾਲਜ, ਕਪੂਰਥਲਾ ਵਿਖੇ 15 ਸਤੰਬਰ ਤੋਂ 17 ਸਤੰਬਰ 2026 ਤੱਕ ਆਯੋਜਿਤ ਤਿੰਨ ਰੋਜ਼ਾ ਮਾਨਸਿਕ ਸਿਹਤ ’ਤੇ ਕਰਵਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਇਹ ਵਰਕਸ਼ਾਪ ਸੰਗਤ ਕਲੱਬ ਦੇ 25 ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ । ਵਰਕਸ਼ਾਪ ਦੌਰਾਨ ਮਿਸ ਮਲਿਕਾ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਕ ਤਣਾਅ, ਚਿੰਤਾ, ਮਾਨਸਿਕ ਪਰੇਸ਼ਾਨੀ ਦੇ ਸੰਕੇਤਾਂ ਦੀ ਪਛਾਣ, ਸਰਗਰਮ ਸੁਣਨ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਤੇ ਲੋੜ ਪੈਣ ’ਤੇ ਉਚਿਤ ਪੇਸ਼ੇਵਰ ਸਹਾਇਤਾ ਵੱਲ ਮਾਰਗਦਰਸ਼ਨ ਕਰਨ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿੱਚ ਵਿਦਿਆਰਥੀਆਂ ਨੇ ਇੰਟਰਐਕਟਿਵ ਗਤੀਵਿਧੀਆਂ, ਸਮੂਹ ਚਰਚਾਵਾਂ, ਰੋਲ ਪਲੇਅ ਤੇ ਵਿਹਾਰਕ ਅਭਿਆਸਾਂ ਰਾਹੀਂ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਹੁਨਰ ਸਿੱਖੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਮੀਤ ਸੇਠੀ ਨੇ ਵਰਕਸ਼ਾਪ ਦੀ ਸਫਲ ਸੰਪੂਰਨਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਭਲਾਈ ਨੂੰ ਉਤਸ਼ਾਹਿਤ ਕਰਨਾ ਸਿੱਖਿਆ ਸੰਸਥਾਵਾਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਕਨਵੀਨਰ ਸ੍ਰੀਮਤੀ ਨਿਸ਼ਾਂਤ ਨੇ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਸਮੀਤ ਸੇਠੀ ਦਾ ਇਸ ਮਹੱਤਵਪੂਰਨ ਉਪਰਾਲੇ ਲਈ ਮਾਰਗਦਰਸ਼ਨ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਮਿਸ ਮਲਿਕਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਵਿਹਾਰਕ ਸਿਖਲਾਈ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਰਹੀ। ਵਰਕਸ਼ਾਪ ਦੇ ਸੰਚਾਲਨ ਵਿੱਚ ਕਮੇਟੀ ਮੈਂਬਰ ਜਸਪ੍ਰੀਤ ਕੌਰ ਤੇ ਜੋਤੀ ਦਾ ਵੀ ਮਹੱਤਵਪੂਰਨ ਸਹਿਯੋਗ ਰਿਹਾ।