ਸਰਕਾਰੀ ਕਾਲਜ ’ਚ ਤਿੰਨ ਰੋਜ਼ਾ ਮਾਨਸਿਕ ਸਿਹਤ ਵਰਕਸ਼ਾਪ ਸ਼ੁਰੂ ਐਨ.ਜੇ.ਐੱਸ.ਏ. ਸਰਕਾਰੀ ਕਾਲਜ ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਨਸਿਕ ਸਿਹਤ ਵਰਕਸ਼ਾਪ ਦੀ ਸ਼ੁਰੂਆਤ
Publish Date: Tue, 15 Sep 2026 07:36 PM (IST)
Updated Date: Tue, 15 Sep 2026 07:38 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਐੱਨਜੇਐੱਸਏ ਸਰਕਾਰੀ ਕਾਲਜ, ਕਪੂਰਥਲਾ ਵਿਖੇ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਮਾਨਸਿਕ ਸਿਹਤ ਸੰਬੰਧੀ ਮੁੱਢਲੀ ਸਹਾਇਤਾ ਦੇਣ ਲਈ ਤਿੰਨ ਰੋਜ਼ਾ ਮਾਨਸਿਕ ਸਿਹਤ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਐੱਸਏਐੱਨਜੀਏਟੀ ਕਲੱਬ ਦੇ 25 ਵਿਦਿਆਰਥੀਆਂ ਨੂੰ ਐੱਮਪਾਵਰ, ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੀ ਟ੍ਰੇਨਰ ਮਿਸ ਮਲਿਕਾ ਵੱਲੋਂ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਕ ਤਣਾਅ, ਮਾਨਸਿਕ ਪਰੇਸ਼ਾਨੀ ਦੇ ਸੰਕੇਤਾਂ ਦੀ ਪਛਾਣ, ਤਣਾਅ ਨਾਲ ਨਜਿੱਠਣ ਦੇ ਢੰਗ ਤੇ ਲੋੜਵੰਦ ਵਿਅਕਤੀ ਨੂੰ ਮੁੱਢਲੀ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਵਰਕਸ਼ਾਪ ਦੇ ਆਰੰਭ ਮੌਕੇ ਕਾਰਜਕਾਰੀ ਪ੍ਰਿੰਸੀਪਲ ਸਨੇਹ ਸ਼ਰਮਾ ਵੱਲੋਂ ਮਿਸ ਮਲਿਕਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਮਾਨਸਿਕ ਸਿਹਤ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਨਿਸ਼ਾਂਤ, ਜਸਪ੍ਰੀਤ ਕੌਰ ਤੇ ਜੋਤੀ ਵੀ ਹਾਜ਼ਰ ਸਨ। ਉਨ੍ਹਾਂ ਨੇ ਵਰਕਸ਼ਾਪ ਦੇ ਸੁਚਾਰੂ ਸੰਚਾਲਨ ਲਈ ਆਪਣਾ ਸਹਿਯੋਗ ਦਿੱਤਾ ਤੇ ਕਾਲਜ ਵਿੱਚ ਮਾਨਸਿਕ ਤੌਰ ’ਤੇ ਸਿਹਤਮੰਦ ਤੇ ਸਹਾਇਕ ਵਾਤਾਵਰਨ ਸਿਰਜਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਤਿੰਨ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ, ਵਿਹਾਰਕ ਗਤੀਵਿਧੀਆਂ ਤੇ ਸਿਖਲਾਈ ਰਾਹੀਂ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਹੁਨਰ ਪ੍ਰਦਾਨ ਕੀਤੇ ਜਾਣਗੇ।