ਭਿਆਨਕ ਸੜਕ ਹਾਦਸਾ: ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ 3 ਲੋਕਾਂ ਦੀ ਮੌਤ, ਦੋ ਔਰਤਾਂ ਵੀ ਸ਼ਾਮਲ
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਅਤੇ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਥਾਣਾ ਸੁਭਾਨਪੁਰ ਦੇ ਏ.ਐੱਸ.ਆਈ. ਹਰਜਿੰਦਰ ਸਿੰਘ ਅਤੇ ਰੋਡ ਸੇਫਟੀ ਫੋਰਸ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ।
Publish Date: Sat, 12 Sep 2026 11:45 AM (IST)
Updated Date: Sat, 12 Sep 2026 11:47 AM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ। ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ’ਚ ਬਾਈਕ ਸਵਾਰ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਦੋ ਔਰਤਾਂ ਸ਼ਾਮਿਲ ਦੱਸੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਬਾਈਕ ਦੀ ਕਿਸੇ ਅਣਪਛਾਤੇ ਵਾਹਨ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਬਾਈਕ ਸਵਾਰ ਤਿੰਨੋਂ ਸੜਕ ’ਤੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਅਤੇ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਥਾਣਾ ਸੁਭਾਨਪੁਰ ਦੇ ਏ.ਐੱਸ.ਆਈ. ਹਰਜਿੰਦਰ ਸਿੰਘ ਅਤੇ ਰੋਡ ਸੇਫਟੀ ਫੋਰਸ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ 108 ਐਂਬੂਲੈਂਸ ਦੀ ਮਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ’ਚ ਭੇਜ ਦਿੱਤੀਆਂ। ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ’ਚ ਦੋ ਔਰਤਾਂ ਸ਼ਾਮਲ ਹਨ। ਘਟਨਾ ਸਥਾਨ ਤੋਂ ਇੱਕ ਵੋਟਰ ਕਾਰਡ ਵੀ ਮਿਲਿਆ ਹੈ, ਜਿਸ ’ਤੇ ਅਮਨਾ ਪਤਨੀ ਸਤਨਾਮ, ਵਾਸੀ ਪਿੰਡ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਲਿਖਿਆ ਹੋਇਆ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਇਹ ਕਾਰਡ ਮ੍ਰਿਤਕਾਂ ’ਚੋਂ ਕਿਸੇ ਇੱਕ ਦਾ ਹੋ ਸਕਦਾ ਹੈ ਪਰ ਹਾਲੇ ਤੱਕ ਤਿੰਨਾਂ ਦੀ ਅਧਿਕਾਰਤ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮੌਕੇ ਤੋਂ ਮ੍ਰਿਤਕਾਂ ਦਾ ਬੈਗ ਅਤੇ ਹਾਦਸਾਗ੍ਰਸਤ ਬਾਈਕ ਵੀ ਕਬਜ਼ੇ ’ਚ ਲੈ ਲਈ ਹੈ।
ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਜਾਰੀ ਹੈ।