ਦੁਕਾਨਦਾਰ ਕੋਲੋਂ ਮੋਬਾਈਲ ਫੋਨ ਖੋਹਿਆ, ਪੁਲਿਸ ਨਹੀਂ ਕਰ ਰਹੀ ਕਾਰਵਾਈ
ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨਦਾਰ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ
Publish Date: Fri, 18 Sep 2026 08:59 PM (IST)
Updated Date: Fri, 18 Sep 2026 09:02 PM (IST)
ਹਰੀਸ਼ ਭਡਾਰੀ ਪੰਜਾਬੀ ਜਾਗਰਣ ਫਗਵਾੜਾ -ਫਗਵਾੜਾ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਘਟਨਾ ’ਚ ਰੇਲਵੇ ਰੋਡ ਫਗਵਾੜਾ ਵਿਖੇ ਦੁਕਾਨ ਕਰਨ ਵਾਲੇ ਇੱਕ ਦੁਕਾਨਦਾਰ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਰਮੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਉਹ ਰੇਲਵੇ ਰੋਡ ਫਗਵਾੜਾ ਵਿਖੇ ਦੁਕਾਨ ਕਰਦਾ ਹੈ ਤੇ ਜਦੋਂ ਉਹ ਬੱਸ ਸਟੈਂਡ ਫਗਵਾੜਾ ਤੋਂ ਆਪਣੀ ਦੁਕਾਨ ਵੱਲ ਜਾ ਰਿਹਾ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਮੇਰਾ ਮਹਿੰਗੇ ਭਾਅ ਦਾ ਐਪਲ ਦਾ ਫੋਨ ਲੈ ਕੇ ਫਰਾਰ ਹੋ ਗਏ, ਜਿਸ ਦੀ ਲਿਖਤ ਦਰਖਾਸਤ ਮੈਂ ਫਗਵਾੜਾ ਪੁਲਿਸ ਨੂੰ ਦਿੱਤੀ। ਉਸ ਨੇ ਕਿਹਾ ਕਿ ਮੈਂ ਗੇੜੇ ਮਾਰ-ਮਾਰ ਥੱਕ ਗਿਆ ਤੇ ਪੁਲਿਸ ਵਾਲੇ ਹਰ ਵਾਰ ਇਹ ਕਹਿ ਕੇ ਮੇਰੀ ਗੱਲ ਟਾਲ ਦਿੰਦੇ ਹਨ ਕਿ ਮੁਲਾਜ਼ਮਾਂ ਦੀ ਘਾਟ ਹੈ। ਪੀੜਤ ਰਮੇਸ਼ ਕੁਮਾਰ ਵਰਮਾ ਨੇ ਜਿੱਥੇ ਪ੍ਰਸ਼ਾਸਨ ਪਾਸੋਂ ਲੁਟੇਰਿਆਂ ਨੂੰ ਫੜਨ ਦੀ ਮੰਗ ਕੀਤੀ ਹੈ, ਉੱਥੇ ਇਹ ਵੀ ਕਿਹਾ ਕਿ ਸ਼ਹਿਰ ਦੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਅਜਿਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।