ਕਪੂਰਥਲਾ ਦੇ ਤਿੰਨ ਲਾਪਤਾ ਨਾਬਾਲਗ ਬੱਚੇ ਦਿੱਲੀ ਤੋਂ ਬਰਾਮਦ ਕਪੂਰਥਲਾ ਦੇ ਤਿੰਨ ਲਾਪਤਾ ਨਾਬਾਲਗ ਬੱਚੇ ਦਿੱਲੀ ਤੋਂ ਸਹੀ-ਸਲਾਮਤ ਬਰਾਮਦ
Publish Date: Thu, 06 Aug 2026 06:43 PM (IST)
Updated Date: Thu, 06 Aug 2026 06:46 PM (IST)
---ਆਪਣੀ ਮਰਜ਼ੀ ਨਾਲ ਜਾਣ-ਪਛਾਣ ਵਾਲੇ ਦੇ ਘਰ ਗਏ ਸਨ ਬੱਚੇ : ਡੀਐੱਸਪੀ --ਯਮੁਨਾ ਵਿਹਾਰ ਤੋਂ ਪੁਲਿਸ ਨੇ ਕੀਤਾ ਬਰਾਮਦ, ਪਰਿਵਾਰ ਦੀ ਭੂਮਿਕਾ ਦੀ ਹੋ ਰਹੀ ਜਾਂਚ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਬਾਬਾ ਦੀਪ ਸਿੰਘ ਨਗਰ ਇਲਾਕੇ ਤੋਂ ਐਤਵਾਰ ਦੇਰ ਸ਼ਾਮ ਲਾਪਤਾ ਹੋਏ ਤਿੰਨੋਂ ਨਾਬਾਲਗ ਬੱਚਿਆਂ ਨੂੰ ਜ਼ਿਲ੍ਹਾ ਪੁਲਿਸ ਨੇ ਦਿੱਲੀ ਤੋਂ ਸਹੀ-ਸਲਾਮਤ ਬਰਾਮਦ ਕਰ ਲਿਆ ਹੈ। ਪੁਲਿਸ ਟੀਮ ਨੇ ਬੱਚਿਆਂ ਨੂੰ ਦਿੱਲੀ ਦੇ ਯਮੁਨਾ ਵਿਹਾਰ ਦੇ ਮੌਜਪੁਰ ਇਲਾਕੇ ਤੋਂ ਬਰਾਮਦ ਕੀਤਾ। ਇਹ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਬੱਚੇ ਆਪਣੀ ਮਰਜ਼ੀ ਨਾਲ ਆਪਣੇ ਇੱਕ ਜਾਣ-ਪਛਾਣ ਵਾਲੇ ਦੇ ਘਰ ਗਏ ਸਨ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦਿਆਂ ਹੀ ਸਿਟੀ ਥਾਣੇ ਵਿੱਚ ਤੁਰੰਤ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜਾਂ ਦੀ ਜਾਂਚ ਕੀਤੀ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ-ਨਾਲ ਬੱਚਿਆਂ ਕੋਲ ਮੌਜੂਦ ਮੋਬਾਈਲ ਫੋਨਾਂ ਦੀ ਲੋਕੇਸ਼ਨ ਦੇ ਆਧਾਰ ਤੇ ਜਾਂਚ ਅੱਗੇ ਵਧਾਈ। ਇਸ ਦੌਰਾਨ ਪੁਲਿਸ ਟੀਮ ਦਿੱਲੀ ਦੇ ਯਮੁਨਾ ਵਿਹਾਰ ਪਹੁੰਚੀ, ਜਿੱਥੋਂ ਤਿੰਨੋਂ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵੇਲੇ ਬੱਚਿਆਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਸੰਜੇ ਮਹਤੋ, ਜੋ ਮੂਲ ਰੂਪ ਵਿੱਚ ਵਾਰਡ ਨੰਬਰ 6, ਨੀਲਕੰਠ, ਜ਼ਿਲ੍ਹਾ ਸੀਤਾਮੜ੍ਹੀ (ਬਿਹਾਰ) ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਗਲੀ ਨੰਬਰ 2 ਬਾਬਾ ਦੀਪ ਸਿੰਘ ਨਗਰ ਵਿੱਚ ਰਹਿ ਰਿਹਾ ਹੈ, ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਨੌਂ ਸਾਲਾ ਪੁੱਤਰ ਚੰਦਨ ਕੁਮਾਰ ਆਪਣੇ ਗੁਆਂਢ ਦੇ ਦੋ ਹੋਰ ਬੱਚਿਆਂ ਨਾਲ ਖੇਡਦੇ ਸਮੇਂ ਲਾਪਤਾ ਹੋ ਗਿਆ ਸੀ। ਇਸ ਸ਼ੱਕ ਦੇ ਆਧਾਰ ਤੇ ਕਿ ਬੱਚਿਆਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੈਰ-ਕਾਨੂੰਨੀ ਤੌਰ ਤੇ ਬੰਧਕ ਬਣਾਇਆ ਗਿਆ ਹੈ, ਪੁਲਿਸ ਥਾਣਾ ਸਿਟੀ ਕਪੂਰਥਲਾ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 127(6) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਨਵੀਂ ਦਿੱਲੀ ਭੇਜਿਆ ਗਿਆ। ਸਾਰੀਆਂ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਟੀਮ ਬੱਚਿਆਂ ਨੂੰ ਸੁਰੱਖਿਅਤ ਵਾਪਸ ਲੈ ਆਈ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ। ਡੀਐੱਸਪੀ ਸ਼ੀਤਲ ਸਿੰਘ ਨੇ ਇਹ ਵੀ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚਿਆਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਆਪਣੀ ਮਰਜ਼ੀ ਨਾਲ ਜਾਣ ਦੀ ਜਾਣਕਾਰੀ ਸੀ। ਜੇਕਰ ਜਾਂਚ ਦੌਰਾਨ ਇਹ ਤੱਥ ਸਹੀ ਸਾਬਤ ਹੁੰਦੇ ਹਨ ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤ ਜਾਣਕਾਰੀ ਦੇਣ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਤ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।