ਨੌਜਵਾਨ ਦਾ ਤਿੰਨ ਪਰਵਾਸੀਆਂ ਨੇ ਕਹੀ ਨਾਲ ਪਾੜਿਆ ਸਿਰ ਸਪਰੋੜ ਪਿੰਡ ਦੇ ਬਾਲਮੀਕ ਸਮਾਜ ਦੇ ਨੌਜਵਾਨ ਦਾ ਤਿੰਨ ਪ੍ਰਵਾਸੀਆਂ ਨੇ ਕਹੀਂ ਨਾਲ ਪਾੜਿਆ ਸਿਰ
Publish Date: Wed, 05 Aug 2026 07:30 PM (IST)
Updated Date: Wed, 05 Aug 2026 07:31 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਲਾਗਲੇ ਪਿੰਡ ਸਪਰੋੜ ਵਿਖੇ ਤਿੰਨ ਪਰਵਾਸੀਆਂ ਵੱਲੋਂ ਵਾਲਮੀਕਿ ਸਮਾਜ ਦੇ ਇਕ ਨੌਜਵਾਨ ਦਾ ਕਹੀ ਮਾਰ ਕੇ ਸਿਰ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹੇਸ਼ ਅਤੇ ਉਸ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਤਵਾਰ ਵਾਲੇ ਦਿਨ ਸਵੇਰੇ 7 ਵਜੇ ਦੇ ਕਰੀਬ ਤਿੰਨ ਪਰਵਾਸੀ ਮਜ਼ਦੂਰ ਰਾਮ ਬਿਲਾਸ ਅਤੇ ਉਸ ਦੇ ਦੋ ਬੇਟੇ ਕਾਲੀ ਤੇ ਬੰਟੂ ਉਸ ਦੇ ਘਰ ਅੱਗਿਓਂ ਲੰਘੇ ਤਾਂ ਉਹਨਾਂ ਨਾਲ ਆਨੇ-ਬਹਾਨੇ ਖੈਅਬਾਜ਼ੀ ਕਰਨ ਲੱਗੇ। ਦੇਖਦੇ ਹੀ ਦੇਖਦੇ ਦੋਹਾਂ ਧਿਰਾਂ ਵਿਚਕਾਰ ਤਕਰਾਰ ਵਧ ਗਿਆ ਅਤੇ ਉਹਨਾਂ ਨੇ ਮਹੇਸ਼ ਦੇ ਹੀ ਘਰ ਪਈ ਕਹੀ ਨਾਲ ਵਾਰ ਕਰ ਕੇ ਉਸ ਦਾ ਸਿਰ ਪਾੜ ਦਿੱਤਾ, ਜਿਸ ਨਾਲ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਵੱਜੀਆਂ। ਪੀੜਤ ਮਹੇਸ਼ ਅਤੇ ਉਸ ਦੀ ਮਾਤਾ ਬਿਮਲਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ। ਮਹੇਸ਼ ਨੇ ਕਿਹਾ ਕਿ ਮੇਰੀ ਭਾਬੀ ਵੀਰਪਾਲ ਕੌਰ ਜੋ ਕਿ ਪੰਜ ਮਹੀਨੇ ਦੀ ਗਰਭਵਤੀ ਹੈ, ਉਸ ਨੂੰ ਵੀ ਪਰਵਾਸੀ ਹਮਲਾਵਰਾਂ ਨੇ ਧੱਕੇ ਮਾਰੇ, ਜਿਸ ਨਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਘਰ ਤੋਂ ਥੋੜ੍ਹਾ ਅੱਗੇ ਬੂਟਾ ਸਿੰਘ ਨਾਮ ਦੇ ਕਿਸਾਨ ਦੇ ਖੂਹ ਤੇ ਇਹ ਪਰਵਾਸੀ ਕੰਮ ਕਰਦੇ ਹਨ ਤੇ ਪੱਠੇ ਵਗੈਰਾ ਲੈਣ ਨੂੰ ਲੈ ਕੇ ਇਹਨਾਂ ਦਾ ਸਾਡੇ ਘਰ ਅੱਗੇ ਵਾਲੇ ਰਸਤੇ ’ਚੋਂ ਆਉਣਾ ਜਾਣਾ ਲੱਗਾ ਰਹਿੰਦਾ ਹੈ ਤੇ ਸਾਡੇ ਘਰ ਦੇ ਆਸ-ਪਾਸ ਪਏ ਬਾਲਣ ਨੂੰ ਇਹਨਾਂ ਨੇ ਲੜਾਈ ਦਾ ਬਹਾਨਾ ਬਣਾ ਕੇ ਸਾਡੇ ਨਾਲ ਪਹਿਲਾਂ ਵੀ ਕਈ ਵਾਰ ਬਹਿਸਬਾਜ਼ੀ ਕੀਤੀ। ਐਤਵਾਰ ਵਾਲੇ ਦਿਨ ਸਵੇਰੇ ਲਗਭਗ ਸੱਤ ਵਜੇ ਇਨ੍ਹਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਮਹੇਸ਼ ਨੇ ਦੱਸਿਆ ਕਿ ਮੈਂ ਦਿੱਲੀ ਪਬਲਿਕ ਸਕੂਲ ਵਿਖੇ ਅਧਿਆਪਕ ਹਾਂ ਅਤੇ ਪੜ੍ਹਿਆ-ਲਿਖਿਆ ਹਾਂ। ਉਸ ਨੇ ਕਿਹਾ ਕਿ ਸਾਡੇ ਘਰ ਅੱਗੇ ਪੰਚਾਇਤ ਨੇ ਇੰਟਰ ਲੋਕ ਲਗਾ ਕੇ ਰਸਤਾ ਬਣਾਇਆ ਹੋਇਆ ਹੈ ਤੇ ਉਹਨਾਂ ਦੇ ਖੂਹ ਵੱਲ ਜਾਂਦਾ ਰਸਤਾ ਸਾਡੇ ਘਰ ਅੱਗਿਓਂ ਨੀਵਾਂ ਹੋ ਜਾਂਦਾ ਹੈ ਜਿਸ ਨੂੰ ਬਹਾਨਾ ਬਣਾ ਕੇ ਇਹਨਾਂ ਨੇ ਸਾਡੇ ਗੰਭੀਰ ਸੱਟਾਂ ਮਾਰੀਆਂ। ਮਹੇਸ਼ ਅਤੇ ਉਸ ਦੀ ਮਾਤਾ ਬਿਮਲਾ ਨੇ ਕਿਹਾ ਕਿ ਗਲੀ ਵਿੱਚ ਇੰਟਰਲੋਕ ਤਾਂ ਪੰਚਾਇਤ ਨੇ ਲਗਾਈ ਹੈ, ਉਹਨਾਂ ਨਾਲ ਗੱਲ ਕਰਨ ਲੇਕਿਨ ਇਹ ਲੋਕ ਸਾਡੇ ਨਾਲ ਹੀ ਖੈਅਬਾਜ਼ੀ ਕਰਦੇ ਰਹਿੰਦੇ ਹਨ ਤੇ ਹੁਣ ਸਾਡੇ ਹੀ ਘਰ ਆ ਕੇ ਸਾਡੇ ’ਤੇ ਹਮਲਾ ਕਰ ਦਿੱਤਾ। ਉੱਧਰ, ਜਦੋਂ ਮੋਹਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਲੈ ਕੇ ਮੀਡੀਆ ਨੂੰ ਸਹੀ ਢੰਗ ਨਾਲ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਤੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਤੇ ਅਸੀਂ ਡਰਦੇ ਹੋਏ ਪਿੰਡ ਨਹੀਂ ਆਉਂਦੇ। ਜਦੋਂ ਪੂਰੇ ਮਾਮਲੇ ਸਬੰਧੀ ਫਗਵਾੜਾ ਦੇ ਥਾਣਾ ਸਦਰ ਦੇ ਥਾਣਾ ਮੁਖੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਜਾ ਰਿਹਾ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਸਬੰਧਤ ਥਾਣੇ ਅਤੇ ਐੱਸਪੀ ਆਫਿਸ ਇਸ ਮਾਮਲੇ ਸੰਬੰਧੀ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਪਰਿਵਾਰ ਨੇ ਫਗਵਾੜਾ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।