ਦੋ ਸਕੇ ਭਰਾਵਾਂ ਸਮੇਤ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ ਦੋ ਸਕੇ ਭਰਾਵਾਂ ਸਮੇਤ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰ ਕਾਲਾ਼ ਸੰਘਿਆਂ ਪੁਲਿਸ ਵੱਲੋਂ ਗ੍ਰਿਫਤਾਰ
Publish Date: Fri, 04 Sep 2026 08:59 PM (IST)
Updated Date: Fri, 04 Sep 2026 09:01 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਿਚਕਾਰ ਕਾਲਾ ਸੰਘਿਆਂ ਪੁਲਿਸ ਵੱਲੋਂ ਇਲਾਕੇ ਵਿੱਚ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਸਕੇ ਭਰਾਵਾਂ ਸਮੇਤ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪੁਲਿਸ ਚੌਂਕੀ ਕਾਲਾ਼ ਸੰਘਿਆਂ ਦੇ ਇੰਚਾਰਜ਼ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਲਾ ਸੰਘਿਆਂ ਵਾਸੀ ਨੰਬਰਦਾਰ ਜੈਦਰਥ ਸਿੰਘ ਦਾ ਘਰ ਅੱਗੋਂ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਇਸ ਚੋਰੀ ਸਮੇਤ ਹੋਈਆਂ ਹੋਰ ਚੋਰੀਆਂ ਦੀਆਂ ਘਟਨਾਵਾਂ ਨੂੰ ਸੁਲਝਾਉਣ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਪੁਲਿਸ ਲਗਾਤਾਰ ਤਫਤੀਸ਼ ਕਰ ਰਹੀ ਸੀ। ਇਸ ਵਿੱਚ ਨੰਬਰਦਾਰ ਜੈਦਰਥ ਸਿੰਘ ਹੁਰਾਂ ਦੀ ਮਦਦ ਨਾਲ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ, ਜਿਸ ਵਿੱਚ ਇੱਕ ਨੌਜਵਾਨ ਮੋਟਰਸਾਈਕਲ ਲਿਜਾਂਦਾ ਵਿਖਾਈ ਦੇ ਰਿਹਾ ਸੀ, ਜਿਸ ਦੀ ਤਫਤੀਸ਼ ਚਲ ਰਹੀ ਸੀ ਤੇ ਭਾਲ ਜਾਰੀ ਸੀ। ਇਸ ਦੌਰਾਨ ਪੁਲਿਸ ਨੇ ਪਿੰਡ ਸੰਧੂ ਚੱਠਾ ਤੋਂ ਤਲਵੰਡੀ ਮਾਧੋ ਰੋਡ ਤੇ ਸੰਧੂ ਚੱਠਾ ਚੌਂਕ ਵਿਖੇ ਨਾਕੇਬੰਦੀ ਦੌਰਾਨ ਇਕ ਡਿਸਕਵਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਨੂੰ ਰੋਕਿਆ ਤਾਂ ਇਹ ਨੌਜਵਾਨ ਸ਼ੱਕੀ ਲੱਗੇ ਤੇ ਪੁਲਿਸ ਟੀਮ ਵੱਲੋਂ ਪੁਛਗਿੱਛ ਕੀਤੀ ਗਈ। ਪਤਾ ਲੱਗਾ ਕਿ ਇਨ੍ਹਾਂ ਕੋਲ ਮੌਜੂਦ ਮੋਟਰਸਾਈਕਲ ਚੋਰੀ ਦਾ ਸੀ। ਚੌਂਕੀ ਇੰਚਾਰਜ ਨੇ ਕਿਹਾ ਕਿ ਇਨ੍ਹਾਂ ਨੂੰ ਕਾਬੂ ਕਰਕੇ ਹੋਰ ਤਫਤੀਸ਼ ਕੀਤੀ ਤਾਂ ਇਨ੍ਹਾਂ ਕੋਲੋਂ ਕੁਲ 3 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ, ਜਿਨ੍ਹਾਂ ਵਿੱਚ ਇਕ ਮੋਟਰਸਾਈਕਲ ਨੰਬਰਦਾਰ ਜੈਦਰਥ ਸਿੰਘ ਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਲਾਕੇ ਵਿੱਚ ਕੀਤੀਆਂ ਕਈ ਚੋਰੀਆਂ ਵੀ ਮੰਨੀਆਂ ਹਨ। ਚੌਂਕੀ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਵਿੱਚੋਂ ਇਕ ਪਿੰਡ ਕੇਸਰਪੁਰ ਵਾਸੀ ਗੁਰਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਮੰਗੀ ਹੈ ਤੇ ਦੂਜੇ ਦੋਵੇਂ ਸਕੇ ਭਰਾ ਹਨ, ਜਿਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਮੰਨਣ ਹਨ। ਚੌਂਕੀ ਇੰਚਾਰਜ ਨੇ ਕਿਹਾ ਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਇਨ੍ਹਾਂ ਨਾਲ਼ ਮੌਜੂਦ ਹੁੰਦਾ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਨ੍ਹਾਂ ’ਤੇ ਬੀਐੱਨਐੱਸ ਦੀਆਂ ਧਾਰਾਵਾਂ 303 (2) ਤਹਿਤ ਮੁਕੱਦਮਾ ਨੰਬਰ 222 ਦਰਜ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।