ਚੋਰ ਗਿਰੋਹ ਦੇ 3 ਮੁਲਜ਼ਮ ਕਾਬੂ, ਨਕਦੀ ਬਰਾਮਦ ਦੋ ਘਰਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ 3 ਮੁਲਜ਼ਮ ਕਾਬੂ, ਨਗਦੀ ਬਰਾਮਦ
Publish Date: Tue, 15 Sep 2026 08:59 PM (IST)
Updated Date: Tue, 15 Sep 2026 09:02 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਮੁਹੱਲਾ ਸਥਰੰਗੜਾ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਚੋਰੀ ਦੀ ਵਾਰਦਾਤ ਦਾ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ 69 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਦਵਿੰਦਰ ਪਾਲ ਦੀ ਅਗਵਾਈ ਹੇਠ ਪੁਲਸ ਟੀਮ ਨੇ ਇਹ ਕਾਰਵਾਈ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਮੁਹੱਲਾ ਸਥਰੰਗੜਾ ਵਾਸੀ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ 9 ਸਤੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ ਤੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਉਸ ਦੇ ਨਾਲ ਲੱਗਦੇ ਉਸ ਦੇ ਭਰਾ ਦੇ ਘਰ ਨੂੰ ਵੀ ਤਾਲਾ ਲੱਗਾ ਹੋਇਆ ਸੀ, ਕਿਉਂਕਿ ਉਹ ਕੰਮ ’ਤੇ ਗਿਆ ਹੋਇਆ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਦੋਵੇਂ ਘਰਾਂ ਵਿੱਚ ਦਾਖਲ ਹੋ ਕੇ ਕਰੀਬ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿਖੇ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਪੁਲਸ ਨੇ ਸੰਦੀਪ ਸਿੰਘ ਉਰਫ਼ ਗੁੰਮਾ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਸਥਰੰਗੜਾ ਨੂੰ ਕਾਬੂ ਕੀਤਾ। ਪੁੱਛਗਿੱਛ ਤੋਂ ਬਾਅਦ ਉਸ ਦੇ ਸਾਥੀ ਹਰਪ੍ਰੀਤ ਸਿੰਘ ਉਰਫ਼ ਬਹਾਦਰ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਤੇ ਅੰਸ਼ ਉਰਫ਼ ਗੁੜਮੰਡੀ ਪੁੱਤਰ ਵਿਨੋਦ ਕੁਮਾਰ ਵਾਸੀ ਮੁਹੱਲਾ ਸੈਦਾ, ਸੁਲਤਾਨਪੁਰ ਲੋਧੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਸੰਦੀਪ ਸਿੰਘ ਉਰਫ਼ ਗੁੰਮਾ ਕੋਲੋਂ 29 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਉਰਫ਼ ਬਹਾਦਰ ਕੋਲੋਂ 20 ਹਜ਼ਾਰ ਰੁਪਏ ਤੇ ਅੰਸ਼ ਉਰਫ਼ ਗੁਰਮੰਡੀ ਕੋਲੋਂ 20 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਇਸ ਤਰ੍ਹਾਂ ਪੁਲਸ ਵੱਲੋਂ ਕੁੱਲ 69 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।