ਸਮੇਂ ਨੇ ਇਸ ਤਰ੍ਹਾਂ ਬਦਲੀ ਚਹੇੜੂ ਇਲਾਕੇ ਦੀ ਨੁਹਾਰ ਸਮੇਂ ਨੇ ਇਸ ਤਰ੍ਹਾਂ ਬਦਲੀ ਚਹੇੜੂ ਇਲਾਕੇ ਦੀ ਨੁਹਾਰ
Publish Date: Sun, 04 Oct 2026 07:13 PM (IST)
Updated Date: Mon, 05 Oct 2026 04:05 AM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਅੱਜ ਗੱਲ ਕਰਾਂਗੇ ਜਲੰਧਰ- ਫਗਵਾੜਾ ਨੈਸ਼ਨਲ ਹਾਈਵੇ ਸਥਿਤ ਚਹੇੜੂ ਪਿੰਡ ਅਤੇ ਆਸ ਪਾਸ ਦੇ ਇਲਾਕੇ ਦੀ,ਜਿਸ ਨੂੰ ਜਿਆਦਾ ਤਰ ਲੋਕ ਅੱਜ ਕੱਲ੍ਹ ਚਹੇੜੂ ਦੀ ਵਜਾਏ ਲਵਲੀ ਦੇ ਨਾਮ ਨਾਲ ਜਾਣਦੇ ਹਨ। ਜ਼ਿਕਰਯੋਗ ਹੈ ਕਿ ਕਦੇ ਚਹੇੜੂ ਅਤੇ ਮਹੇੜੂ ਨੂੰ ਲੰਘਣ ਸਮੇਂ ਲੋਕਾਂ ਨੂੰ ਰਾਤ ਵੇਲੇ ਤਾਂ ਕੀ ਦਿਨ ਵੇਲੇ ਵੀ ਖੌਫ ਆਉਂਦਾ ਸੀ ਪਰ ਸਮੇਂ ਦੇ ਬਦਲਾਅ ਨਾਲ ਅੱਜ ਚਹੇੜੂ ਇਲਾਕੇ ਦੀ ਪੂਰੀ ਨੁਹਾਰ ਬਦਲ ਚੁੱਕੀ ਹੈ। ਹੁਣ ਇਨ੍ਹਾਂ ਸੁੰਨ੍ਹਸਾਨ ਰਸਤਿਆਂ ਤੇ ਭਾਰੀ ਰੌਣਕ ਤੇ ਚਹਿਲ ਪਹਿਲ ਦੇਖਣ ਨੂੰ ਮਿਲਦੀ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਚਹੇੜੂ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਤੇ ਦੇਖਦੇ ਹੀ ਦੇਖਦੇ ਚਹੇੜੂ ਦੀ ਪਛਾਣ ਹੀ ਬਦਲ ਗਈ। ਅੱਜ ਬਹੁਤ ਸਾਰੇ ਲੋਕ ਚਹੇੜੂ ਨੂੰ ਇਸ ਦੇ ਪੁਰਾਣੇ ਪਿੰਡ ਦੇ ਨਾਮ ਨਾਲੋਂ ‘ਲਵਲੀ’ ਦੇ ਨਾਮ ਨਾਲ ਵਧੇਰੇ ਜਾਣਦੇ ਹਨ। ਕੁਝ ਦਹਾਕੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਚਹੇੜੂ-ਮਹੇੜੂ ਦਾ ਇਲਾਕਾ ਕਾਫ਼ੀ ਹੱਦ ਤੱਕ ਸੁੰਨ-ਸਾਨ ਰਹਿੰਦਾ ਸੀ। ਰਾਤ ਸਮੇਂ ਤਾਂ ਇੱਥੋਂ ਲੰਘਣਾ ਲੋਕਾਂ ਲਈ ਡਰ ਦਾ ਕਾਰਨ ਬਣਦਾ ਹੀ ਸੀ, ਸਗੋਂ ਦਿਨ ਵੇਲੇ ਵੀ ਰਸਤੇ ’ਤੇ ਜ਼ਿਆਦਾ ਆਵਾਜਾਈ ਨਹੀਂ ਹੁੰਦੀ ਸੀ। ਬੱਸਾਂ ਵੀ ਟਾਵੀਂਆਂ-ਟਾਵੀਂਆਂ ਹੀ ਰੁਕਦੀਆਂ ਸਨ ਅਤੇ ਲੋਕਾਂ ਨੂੰ ਆਵਾਜਾਈ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ਹਾਲਾਤ ਬਿਲਕੁਲ ਉਲਟ ਹਨ। ਚਹੇੜੂ ਦੇ ਆਲੇ-ਦੁਆਲੇ ਇੰਨੀ ਆਵਾਜਾਈ ਵਧ ਗਈ ਹੈ ਕਿ ਬੱਸਾਂ ਵਾਲੇ ਸਵਾਰੀਆਂ ਨੂੰ ਬੱਸ ਵਿੱਚ ਬਿਠਾਉਣ ਲਈ ਖੜ੍ਹ ਕੇ ਆਵਾਜ਼ਾਂ ਮਾਰਦੇ ਨਜ਼ਰ ਆਉਂਦੇ ਹਨ। ਜਿੱਥੇ ਕਦੇ ਗਿਣਤੀ ਦੇ ਤਿੰਨ-ਚਾਰ ਰਿਕਸ਼ੇ ਹੀ ਨਜ਼ਰ ਆਉਂਦੇ ਸਨ, ਉੱਥੇ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਆਟੋ ਚੱਲਦੇ ਹਨ। ਇਲਾਕੇ ਵਿੱਚ ਦਿਨ-ਰਾਤ ਵਾਹਨਾਂ ਦੀ ਆਵਾਜਾਈ ਨੇ ਇਸ ਨੂੰ ਇੱਕ ਰੁੱਝੇ ਹੋਏ ਵਪਾਰਕ ਖੇਤਰ ਦਾ ਰੂਪ ਦੇ ਦਿੱਤਾ ਹੈ। ਚਹੇੜੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਜਿਹੜੀਆਂ ਜ਼ਮੀਨਾਂ ਕਦੇ ਮਿੱਟੀ ਦੇ ਭਾਅ ਮਿਲ ਜਾਂਦੀਆਂ ਸਨ, ਅੱਜ ਉਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਤੱਕ ਪਹੁੰਚ ਚੁੱਕੀ ਹੈ। ਯੂਨੀਵਰਸਿਟੀ ਅਤੇ ਹੋਰ ਵਪਾਰਕ ਗਤੀਵਿਧੀਆਂ ਵਧਣ ਨਾਲ ਜ਼ਮੀਨ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ। ਪਹਿਲਾਂ ਚਹੇੜੂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਖਰੀਦਦਾਰੀ ਜਾਂ ਹੋਰ ਕੰਮਾਂ ਲਈ ਮੁੱਖ ਤੌਰ ’ਤੇ ਫਗਵਾੜਾ ਜਾਂ ਜਲੰਧਰ ਦਾ ਰੁਖ ਕਰਨਾ ਪੈਂਦਾ ਸੀ। ਹੁਣ ਲਾਅ ਗੇਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਵੱਡੀਆਂ ਮਾਰਕੀਟਾਂ, ਦੁਕਾਨਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਖੁੱਲ੍ਹਣ ਨਾਲ ਸਥਾਨਕ ਪੱਧਰ ’ਤੇ ਹੀ ਕਈ ਸਹੂਲਤਾਂ ਮਿਲਣ ਲੱਗੀਆਂ ਹਨ। ਕਦੇ ਇਲਾਕੇ ਵਿੱਚ ਇੱਕ ਹੀ ਸ਼ਰਾਬ ਦਾ ਠੇਕਾ ਸੀ, ਜਦਕਿ ਹੁਣ ਇੱਥੇ ਜਗਾ ਜਗਾ ਸ਼ਰਾਬ ਦੇ ਠੇਕੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਖਾਣ-ਪੀਣ, ਕੱਪੜਿਆਂ, ਕਰਿਆਨੇ ਅਤੇ ਹੋਰ ਲੋੜੀਂਦੀਆਂ ਵਸਤਾਂ ਦੀਆਂ ਦੁਕਾਨਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ ਪਰ ਚਹੇੜੂ ਦੀ ਬਦਲਦੀ ਤਸਵੀਰ ਸਿਰਫ਼ ਸੜਕਾਂ, ਇਮਾਰਤਾਂ ਅਤੇ ਵਪਾਰ ਤੱਕ ਸੀਮਤ ਨਹੀਂ ਰਹੀ। ਇਲਾਕੇ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਜੀਵਨ-ਸ਼ੈਲੀ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਪਹਿਲਾਂ ਪਿੰਡਾਂ ਵਿੱਚ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਅਤੇ ਆਪਸੀ ਮੋਹ-ਪਿਆਰ ਦੀ ਜੋ ਪਰੰਪਰਾ ਸੀ, ਉਹ ਤੇਜ਼ੀ ਨਾਲ ਬਦਲ ਰਹੀ ਹੈ। ਬਾਹਰੋਂ ਆ ਕੇ ਵਸਣ ਵਾਲੇ ਲੋਕਾਂ ਦੀ ਗਿਣਤੀ ਵਧਣ ਨਾਲ ਇਲਾਕੇ ਦੀ ਆਬਾਦੀ ਅਤੇ ਸਮਾਜਿਕ ਬਣਤਰ ਵੀ ਬਦਲੀ ਹੈ। ਅੱਜ ਚਹੇੜੂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਦੇ ਨਾਲ-ਨਾਲ ਵਿਦੇਸ਼ੀ ਵਿਿਦਆਰਥੀ ਵੀ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ। ਇਸ ਕਾਰਨ ਇਲਾਕੇ ਦੀ ਭਾਸ਼ਾ, ਪਹਿਰਾਵੇ, ਖਾਣ-ਪੀਣ ਅਤੇ ਰਹਿਣ-ਸਹਿਣ ਵਿੱਚ ਵੀ ਵੱਖਰਾਪਣ ਆਇਆ ਹੈ। ਇੱਕ ਸਮਾਂ ਸੀ ਜਦੋਂ ਚਹੇੜੂ-ਮਹੇੜੂ ਦੇ ਰਸਤੇ ’ਤੇ ਸ਼ਾਮ ਪੈਣ ਤੋਂ ਬਾਅਦ ਸੰਨਾਟਾ ਛਾ ਜਾਂਦਾ ਸੀ ਅਤੇ ਲੋਕ ਜਲਦੀ ਆਪਣੇ ਘਰਾਂ ਵੱਲ ਪਰਤਣਾ ਪਸੰਦ ਕਰਦੇ ਸਨ। ਪਰ,ਅੱਜ ਉਹੀ ਇਲਾਕਾ ਦੇਰ ਰਾਤ ਤੱਕ ਰੌਣਕ ਨਾਲ ਭਰਿਆ ਰਹਿੰਦਾ ਹੈ। ਵਾਹਨਾਂ ਦੀ ਆਵਾਜਾਈ, ਬਾਜ਼ਾਰਾਂ ਦੀ ਰੌਣਕ, ਆਟੋਆਂ ਦੀ ਭੀੜ ਅਤੇ ਦੇਸ਼-ਵਿਦੇਸ਼ ਤੋਂ ਆਏ ਲੋਕਾਂ ਦੀ ਮੌਜੂਦਗੀ ਨੇ ਚਹੇੜੂ ਦੀ ਪੁਰਾਣੀ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਨਾਲ ਹੀ ਚਹੇੜੂ ਰੇਲਵੇ ਸਟੇਸ਼ਨ ਨੂੰ ਵੀ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਜਾ ਚੁੱਕਾ ਹੈ ਪਰ ਸਮੇਂ ਦੇ ਇਸ ਬਦਲਾਅ ਨੇ ਚਹੇੜੂ ਨੂੰ ਪਿੰਡ ਤੋਂ ਇੱਕ ਅਜਿਹੇ ਇਲਾਕੇ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸ ਦੀ ਪਛਾਣ ਹੁਣ ਸਿਰਫ਼ ਪੁਰਾਣੇ ਚਹੇੜੂ ਦੇ ਨਾਮ ਨਾਲ ਨਹੀਂ, ਸਗੋਂ ਲਵਲੀ ਦੇ ਆਲੇ-ਦੁਆਲੇ ਵਿਕਸਤ ਹੋਏ ਨਵੇਂ ਸ਼ਹਿਰੀ ਖੇਤਰ ਵਜੋਂ ਵੀ ਹੋਣ ਲੱਗੀ ਹੈ। ਇਸ ਤੇਜ਼ ਵਿਕਾਸ ਦੇ ਨਾਲ ਪੁਰਾਣੇ ਪਿੰਡ ਦੀ ਸਾਦਗੀ, ਆਪਸੀ ਮੋਹ-ਪਿਆਰ ਅਤੇ ਸੱਭਿਆਚਾਰਕ ਰੰਗਤ ਕਿੰਨੀ ਬਚੀ ਹੈ, ਇਹ ਵੀ ਚਹੇੜੂ ਦੇ ਬਦਲਦੇ ਸਮੇਂ ਦੀ ਇੱਕ ਵੱਡੀ ਤਸਵੀਰ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਐਲ ਪੀ ਯੂ ਸਥਾਪਿਤ ਹੋਣ ਤੋਂ ਬਾਅਦ ਬਹੁਤ ਸਾਰੇ ਬੇਰੁਜ਼ਗਾਰ ਤੇ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਮਿਿਲਆ, ਉੱਥੇ ਇਲਾਕੇ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤ ਵਿੱਚ ਵੀ ਵੱਡਾ ਇਜ਼ਾਫਾ ਹੋਇਆ,ਜਿਸ ਦੇ ਫਲਸਰੂਪ ਹੁਣ ਸਥਾਨਕ ਲੋਕ ਆਪਣੇ ਆਪ ਨੂੰ ਪਹਿਲਾਂ ਦੇ ਮੁਕਾਬਲੇ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਇੱਥੇ ਆਪਣੀਆਂ ਜ਼ਮੀਨਾਂ ਵੇਚ ਦੇਣ ਤੋਂ ਬਾਅਦ ਇੱਥੇ ਬੇਸ਼ੁਮਾਰ ਆਲੀਸ਼ਾਨ ਪੀਜੀ ਬਣ ਗਏ ਹਨ ਤੇ ਲੋਕ ਵੱਡੇ ਪੈਮਾਨੇ ਤੇ ਕਿਰਾਇਆ ਵਸੂਲੀ ਦੇ ਨਾਮ ਤੇ ਵਿਓਪਾਰ ਕਰ ਰਹੇ ਹਨ ਤੇ ਬਹੁਤ ਸਾਰੇ ਲੋਕ ਇਸ ਦੀ ਆਨ ਵਿੱਚ ਨਸ਼ੇ ਦਾ ਵਿਓਪਾਰ ਵੀ ਫੈਲਾ ਰਹੇ ਹਨ,ਜਿਨਾਂ ਦੇ ਅਣਗਿਣਤ ਮਾਮਲੇ ਸਬੰਧਤ ਥਾਣਿਆਂ ਵਿੱਚ ਦਰਜ ਹਨ।ਇਹ ਹੀ ਨਹੀਂ ਬਲਕਿ ਚਹੇੜੂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਨੂੰ ਹੀ ਪੀਜੀ ਬਣਾ ਦਿੱਤਾ ਹੈ ਅਤੇ ਮੂੰਹ ਮੰਗੇ ਕਿਰਾਏ ਵਸੂਲ ਰਹੇ ਹਨ, ਜਿਨਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੇ ਕਿਰਾਏਦਾਰਾਂ ਦੇ ਪਹਿਚਾਣ ਪੱਤਰ ਤੱਕ ਸਬੰਧਤ ਥਾਣਿਆਂ ਵਿੱਚ ਜਮ੍ਹਾਂ ਨਹੀਂ ਕਰਵਾਏ ਹਨ।ਕਿਹਾ ਜਾ ਸਕਦਾ ਹੈ ਕਿ ਜਿੱਥੇ ਬਦਲਦੇ ਸਮੇਂ ਨਾਲ ਇਹ ਇਲਾਕਾ ਜਿੰਨਾ ਅਗਾਂਹ ਵਧਿਆ ਹੈ ਉੰਨਾ ਹੀ ਪਿਛਾਂਹ ਵੀ।