ਕਪੂਰਥਲਾ ਦੇ ਘਰ ’ਚੋਂ ਲੱਖਾਂ ਦੀ ਚੋਰੀ ਕਪੂਰਥਲਾ ਵਿੱਚ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦੀ ਚੋਰੀ
Publish Date: Thu, 10 Sep 2026 08:48 PM (IST)
Updated Date: Thu, 10 Sep 2026 08:49 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਅਜੀਤ ਨਗਰ ਇਲਾਕੇ ਵਿੱਚ ਅਣਪਛਾਤੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਘਰ ਦੇ ਪਿੱਛੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਔਰਤ ਤੇ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਵੀ ਕੈਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਅਗਲੇ ਦਿਨ ਜਦੋਂ ਵਾਪਸ ਘਰ ਪਹੁੰਚਿਆ ਤਾਂ ਘਰ ਦੇ ਪਿੱਛੇ ਲੱਗਾ ਦਰਵਾਜ਼ਾ ਖੁੱਲ੍ਹਾ ਮਿਲਿਆ ਤੇ ਅੰਦਰ ਕਮਰਿਆਂ ਵਿੱਚ ਸਾਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ ’ਤੇ ਅਲਮਾਰੀ ਦੇ ਲਾਕਰ ਵਿੱਚੋਂ ਕਰੀਬ 3.50 ਲੱਖ ਰੁਪਏ ਦੀ ਨਕਦੀ ਗਾਇਬ ਮਿਲੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਜੀਤ ਨਗਰ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਵਕੀਲ ਨਾਲ ਕਲਰਕ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣਾ ਸੀ। ਇਸੇ ਕਾਰਨ ਉਸ ਨੇ ਐੱਚਡੀਐੱਫਸੀ ਬੈਂਕ ਵਿੱਚੋਂ 2 ਲੱਖ ਰੁਪਏ ਕਢਵਾਏ ਸਨ। ਇਸ ਤੋਂ ਇਲਾਵਾ ਉਸ ਦੀ ਮਾਸੀ ਦਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਨੂਰਪੁਰ ਲੁਬਾਣਾ, ਢਿੱਲਵਾਂ, ਘਰ ਬਣਾਉਣ ਲਈ ਉਸ ਨੂੰ 1 ਲੱਖ ਰੁਪਏ ਦੇ ਕੇ ਗਿਆ ਸੀ। ਇਹ ਰਕਮ ਉਸ ਨੇ ਘਰ ਵਿੱਚ ਰੱਖੀ ਅਲਮਾਰੀ ਦੇ ਲਾਕਰ ਵਿੱਚ ਸੁਰੱਖਿਅਤ ਰੱਖੀ ਹੋਈ ਸੀ। ਅਲਮਾਰੀ ਵਿੱਚ ਪਹਿਲਾਂ ਤੋਂ ਵੀ ਕੁਝ ਨਕਦੀ ਮੌਜੂਦ ਸੀ। ਰਣਜੀਤ ਸਿੰਘ ਅਨੁਸਾਰ ਉਹ ਆਪਣੀ ਮਾਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੀਰ ਨਿਗਾਹੇ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਚੋਰ ਘਰ ਦੇ ਪਿੱਛੇ ਤੋਂ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਜਦੋਂ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਇੱਕ ਔਰਤ ਤੇ ਇੱਕ ਵਿਅਕਤੀ ਘਰ ਦੇ ਪਿੱਛੇ ਖਾਲੀ ਪਲਾਟ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ। ਪਰਿਵਾਰ ਨੂੰ ਸ਼ੱਕ ਹੈ ਕਿ ਸੀਸੀਟੀਵੀ ਵਿੱਚ ਦਿਖਾਈ ਦੇ ਰਹੇ ਦੋਵਾਂ ਵਿਅਕਤੀਆਂ ਦਾ ਚੋਰੀ ਦੀ ਵਾਰਦਾਤ ਨਾਲ ਸਬੰਧ ਹੋ ਸਕਦਾ ਹੈ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਪੁਲਿਸ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਦੀ ਭਾਲ ਲਈ ਜਾਂਚ ਅੱਗੇ ਵਧਾਈ ਜਾ ਰਹੀ ਹੈ।