ਨੈਸ਼ਨਲ ਹਾਈਵੇ ’ਤੇ ਟਾਇਰ ਚੋਰਾਂ ਦਾ ਖ਼ੌਫ ਚਹੇੜੂ ਪੁਲ ਲਾਗੇ ਖੜ੍ਹੇ ਟਰਾਲੇ ਦੇ ਟਾਇਰ ਖੋਲ੍ਹ ਕੇ ਲੈ ਗਏ ਚੋਰ
Publish Date: Fri, 21 Aug 2026 06:56 PM (IST)
Updated Date: Fri, 21 Aug 2026 06:57 PM (IST)
ਖੜ੍ਹੇ ਟਰਾਲੇ ਦੇ ਟਾਇਰ ਖੋਲ੍ਹ ਕੇ ਲੈ ਗਏ ਚੋਰ ਇਕ ਲੱਖ ਰੁਪਏ ਦੇ ਤਿੰਨ ਟਾਇਰ ਹੋਏ ਚੋਰੀ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਲੰਧਰ-ਫਗਵਾੜਾ ਰਾਸ਼ਟਰੀ ਮਾਰਗ ’ਤੇ ਸਥਿਤ ਚਹੇੜੂ ਪੁਲ ਨੇੜੇ ਨੈਸ਼ਨਲ ਹਾਈਵੇ ਨਾਲ ਲੱਗਦੀ ਲਿੰਕ ਰੋਡ ’ਤੇ ਖੜ੍ਹੇ ਇੱਕ ਟਰਾਲੇ ਦੇ ਟਾਇਰ ਚੋਰਾਂ ਵੱਲੋਂ ਖੋਲ੍ਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਟਰਾਲਾ ਝਾਰਖੰਡ ਤੋਂ ਆਇਆ ਸੀ ਤੇ ਡਰਾਈਵਰ ਲੰਬੇ ਸਫ਼ਰ ਤੋਂ ਬਾਅਦ ਆਰਾਮ ਕਰਨ ਲਈ ਚਹੇੜੂ ਪੁਲ ਲਾਗੇ ਲਿੰਕ ਰੋਡ ’ਤੇ ਰੁਕਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਟਰਾਲੇ ਦੇ ਅੰਦਰ ਹੀ ਸੁੱਤਾ ਪਿਆ ਸੀ। ਇਸ ਦੇ ਬਾਵਜੂਦ ਅਣਪਛਾਤੇ ਚੋਰਾਂ ਨੇ ਬੇਖੌਫ਼ ਹੋ ਕੇ ਟਰਾਲੇ ਦੇ ਟਾਇਰ ਖੋਲ੍ਹ ਲਏ ਤੇ ਲੈ ਕੇ ਫਰਾਰ ਹੋ ਗਏ। ਸਵੇਰੇ ਜਦੋਂ ਡਰਾਈਵਰ ਦੀ ਨੀਂਦ ਖੁੱਲ੍ਹੀ ਤਾਂ ਉਸ ਨੂੰ ਟਰਾਲੇ ਦੇ ਟਾਇਰ ਗਾਇਬ ਹੋਣ ਦਾ ਪਤਾ ਲੱਗਾ। ਡਰਾਈਵਰ ਨੇ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਫਗਵਾੜਾ ਦੀ ਸਦਰ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਉਸ ਦੇ ਮੁਤਾਬਕ ਕਾਫ਼ੀ ਸਮੇਂ ਤੱਕ ਪੁਲਿਸ ਮੌਕੇ ’ਤੇ ਨਹੀਂ ਪੁੱਜੀ ਹੈਰਾਨੀ ਵਾਲੀ ਗੱਲ ਹੈ ਕਿ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਤਾਇਨਾਤ ਹੋਣ ਦੇ ਬਾਵਜੂਦ ਚੋਰ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਡਰਾਈਵਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਰਾਂ ਨੇ ਟਰਾਲੇ ਦੇ ਤਿੰਨ ਟਾਇਰ ਚੋਰੀ ਕੀਤੇ ਜੋ ਲਗਭਗ ਇੱਕ ਲੱਖ ਰੁਪਏ ਦੇ ਹਨ। ਜ਼ਿਕਰਯੋਗ ਹੈ ਕਿ ਅਜਿਹਾ ਟਰੱਕ ਦੇ ਟਾਇਰ ਚੋਰੀ ਦਾ ਮਾਮਲਾ ਥੋੜਾ ਸਮਾਂ ਪਹਿਲਾਂ ਮੇਹਟਾਂ ਬਾਈਪਾਸ ਤੇ ਵੀ ਸਾਹਮਣੇ ਆਇਆ ਸੀ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਉਦੋਂ ਵੀ ਟਰੱਕ ਡਰਾਈਵਰ ਟਰੱਕ ਦੇ ਅੰਦਰ ਹੀ ਸੁੱਤਾ ਪਿਆ ਸੀ।