ਪਾਵਨ ਨਗਰੀ ਦੇ ਭਵਾਨੀ ਮੰਦਿਰ ’ਚ ਦੂਜੀ ਵਾਰ ਚੋਰੀ ਪਾਵਨ ਨਗਰੀ ’ਚ ਚੋਰਾਂ ਦੇ ਹੌਸਲੇ ਬੁਲੰਦ, ਭਗਵਾਨ ਦਾ ਘਰ ਵੀ ਨਹੀਂ ਸੁਰੱਖਿਅਤ!
Publish Date: Fri, 09 Oct 2026 08:15 PM (IST)
Updated Date: Fri, 09 Oct 2026 08:17 PM (IST)
ਇੱਕ ਹਫ਼ਤੇ ’ਚ ਦੂਜੀ ਵਾਰ ਤਾਲੇ ਤੋੜ ਕੇ ਗੋਲਕ ’ਚੋਂ ਨਕਦੀ ਲੁੱਟੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ ਰਹੇ। ਸ਼ਹਿਰ ਦੇ ਪ੍ਰਾਚੀਨ ਸਿੰਘ ਭਵਾਨੀ ਮੰਦਿਰ ਵਿੱਚ ਇੱਕ ਹਫ਼ਤੇ ਅੰਦਰ ਦੂਜੀ ਵਾਰ ਚੋਰੀ ਹੋਣ ਕਾਰਨ ਸ਼ਹਿਰਵਾਸੀਆਂ ਤੇ ਧਾਰਮਿਕ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਚੋਰ ਮੰਦਿਰ ਦੇ ਕੈਂਚੀ ਗੇਟ ਦਾ ਮੁੱਖ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਹਨੂੰਮਾਨ ਜੀ ਦੇ ਮੰਦਿਰ ਵਿੱਚ ਰੱਖੀ ਭਾਰੀ ਲੋਹੇ ਦੀ ਗੋਲਕ ਨੂੰ ਲੱਗੇ ਤਿੰਨ ਤਾਲੇ ਤੋੜ ਕੇ ਉਸ ਵਿੱਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ। ਮੰਦਿਰ ਦੇ ਪ੍ਰਮੁੱਖ ਗੱਦੀਨਸ਼ੀਨ ਮਹੰਤ ਗੌਰਵ ਗਿਰੀ ਨੇ ਦੱਸਿਆ ਕਿ ਰਾਤ ਕਰੀਬ ਸਵਾ ਵਜੇ ਉਨ੍ਹਾਂ ਨੂੰ ਮੰਦਰ ਦੇ ਸਹਾਇਕ ਪੰਡਿਤ ਦੇ ਪੁੱਤਰ ਦਾ ਫ਼ੋਨ ਆਇਆ, ਜਿਸ ਨੇ ਤਾਲਾ ਟੁੱਟਣ ਦੀ ਆਵਾਜ਼ ਸੁਣਾਈ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤੁਰੰਤ ਪੁਲਿਸ ਦੇ ਐਮਰਜੈਂਸੀ ਨੰਬਰ 112 ’ਤੇ ਸੂਚਨਾ ਦਿੱਤੀ। ਉਨ੍ਹਾਂ ਮੁਤਾਬਕ ਕਰੀਬ 15 ਮਿੰਟ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਪਰ ਉਦੋਂ ਤੱਕ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ। ਮਹੰਤ ਨੇ ਦੱਸਿਆ ਕਿ ਇਸੇ ਹਫ਼ਤੇ ਐਤਵਾਰ ਦੀ ਰਾਤ ਵੀ ਮੰਦਿਰ ਵਿੱਚ ਚੋਰੀ ਹੋਈ ਸੀ, ਜਿਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉੱਧਰ ਧਾਰਮਿਕ ਜਥੇਬੰਦੀਆਂ ਨੇ ਸਵਾਲ ਉਠਾਇਆ ਕਿ ਪਹਿਲੀ ਵਾਰਦਾਤ ਤੋਂ ਬਾਅਦ ਵੀ ਚੋਰਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਜਾ ਸਕਿਆ ਤੇ ਮੰਦਿਰ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ। ਮੌਕੇ ’ਤੇ ਪਹੁੰਚੇ ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਮਹੰਤ ਗੌਰਵ ਗਿਰੀ ਜੀ ਦੇ ਬਿਆਨਾਂ ਦੇ ਆਧਾਰ ’ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।