ਜੀਵੀਜੇ ਰਾਈਸ ਇੰਡਸਟਰੀਜ਼ ’ਚੋਂ 50 ਬੋਰੀਆਂ ਝੋਨਾ ਚੋਰੀ ਸੁਲਤਾਨਪੁਰ ਲੋਧੀ ’ਚ ਚੋਰਾਂ ਦੇ ਹੌਸਲੇ ਬੁਲੰਦ, ਜੀਵੀਜੇ ਰਾਈਸ ਇੰਡਸਟਰੀਜ਼ ’ਚੋਂ 50 ਬੋਰੀਆਂ ਝੋਨਾ ਚੋਰੀ
Publish Date: Thu, 05 Nov 2026 06:30 PM (IST)
Updated Date: Thu, 05 Nov 2026 06:32 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਵਪਾਰੀ ਵਰਗ ਦੀ ਚਿੰਤਾ ਵਧਾ ਦਿੱਤੀ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਬੇਖ਼ੌਫ਼ ਹੋ ਕੇ ਕਾਰੋਬਾਰੀ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਬੀਤੀ ਰਾਤ ਕਰੀਬ 1 ਵਜੇ ਪਿੰਡ ਸ਼ੇਖਮੰਗਾ ਵਿਖੇ ਸਰੂਪਵਾਲ ਰੋਡ ਤੇ ਸਥਿਤ ਜੀਵੀਜੇ ਰਾਈਸ ਇੰਡਸਟਰੀਜ਼ ਵਿੱਚ ਚੋਰਾਂ ਨੇ ਧਾਵਾ ਬੋਲਦਿਆਂ 50 ਤੋਂ 60 ਬੋਰੀਆਂ ਝੋਨਾ ਚੋਰੀ ਕਰ ਲਿਆ। ਚੋਰ ਸ਼ੈਲਰ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਝੋਨਾ ਬਲੈਰੋ ਕੈਂਪਰ ਗੱਡੀ ਵਿੱਚ ਲੱਦ ਕੇ ਫਰਾਰ ਹੋਣ ਲੱਗੇ। ਸ਼ੈਲਰ ਮਾਲਕ ਸਿੰਦਰਪਾਲ ਸਿੰਘ ਅਨੁਸਾਰ, ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਗਾਰਡਾਂ ਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਰਮਚਾਰੀ ਕਰੀਬ 30 ਤੋਂ 40 ਕਿਲੋਮੀਟਰ ਤੱਕ ਮੱਖੂ ਵੱਲ ਚੋਰਾਂ ਦੀ ਗੱਡੀ ਦਾ ਪਿੱਛਾ ਕਰਦੇ ਰਹੇ ਤੇ ਆਪਣੀ ਸੂਝ-ਬੂਝ ਨਾਲ ਬਲੈਰੋ ਕੈਂਪਰ ਨੂੰ ਟ੍ਰੈਕ ਕਰ ਲਿਆ। ਦੱਸਿਆ ਗਿਆ ਕਿ ਪਿੱਛਾ ਕੀਤੇ ਜਾਣ ਦਾ ਅਹਿਸਾਸ ਹੋਣ ਤੇ ਚੋਰ ਗੱਡੀ ਤੇ ਉਸ ਵਿੱਚ ਲੱਦਿਆ ਝੋਨਾ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਮਾਲਕ ਤੇ ਕਰਮਚਾਰੀਆਂ ਨੇ ਚੋਰੀ ਹੋਇਆ ਝੋਨਾ ਤੇ ਬਲੈਰੋ ਕੈਂਪਰ ਵਾਪਸ ਸ਼ੈਲਰ ਲਿਆਂਦਾ। ਸ਼ੈਲਰ ਮਾਲਕ ਨੇ ਆਪਣੇ ਕਰਮਚਾਰੀਆਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਰਮਚਾਰੀਆਂ ਨੂੰ ਸਿਰਫ਼ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ। ਕਰਮਚਾਰੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਿਨਾਂ ਕਿਸੇ ਡਰ ਦੇ ਚੋਰਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਪਿੱਛਾ ਕਰਨ ਦੌਰਾਨ ਮੋਟਰਸਾਈਕਲਾਂ ਤੇ ਸਵਾਰ ਕੁਝ ਹੋਰ ਵਿਅਕਤੀ ਵੀ ਉਨ੍ਹਾਂ ਦੇ ਕਰਮਚਾਰੀਆਂ ਦਾ ਪਿੱਛਾ ਕਰਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹੀ। 112 ਤੇ ਸੂਚਨਾ ਦੇਣ ਦੇ ਬਾਵਜੂਦ ਨਹੀਂ ਮਿਲੀ ਸਮੇਂ ਸਿਰ ਮਦਦ ਇਸ ਮੌਕੇ ਸ਼ੈਲਰ ਦੇ ਐੱਮਡੀ ਸਿੰਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਦੌਰਾਨ ਉਨ੍ਹਾਂ ਨੇ 112 ਨੰਬਰ ਤੇ ਫੋਨ ਕਰਕੇ ਪੁਲਿਸ ਸਹਾਇਤਾ ਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਟੀਮ ਭੇਜਣ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੂੰ ਲੋੜੀਂਦੀ ਮਦਦ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਕੇ ਮਦਦ ਮੰਗੀ ਗਈ, ਪਰ ਸਮੇਂ ਸਿਰ ਕੋਈ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ। ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਨੂੰ ਖੁਦ ਮੌਕੇ ’ਤੇ ਜਾਣਾ ਪਿਆ। ਉਨ੍ਹਾਂ ਅਨੁਸਾਰ, ਪੁਲਿਸ ਉਸ ਸਮੇਂ ਪਹੁੰਚੀ ਜਦੋਂ ਉਹ ਚੋਰੀ ਹੋਈ ਗੱਡੀ ਤੇ ਝੋਨਾ ਵਾਪਸ ਸ਼ੈਲਰ ਲਿਆ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬਲੈਰੋ ਕੈਂਪਰ ਨੂੰ ਕਬਜ਼ੇ ਵਿੱਚ ਲੈਣ ਦੀ ਗੱਲ ਕਹੀ ਗਈ ਸੀ, ਪਰ ਗੱਡੀ ਸਟਾਰਟ ਨਾ ਹੋਣ ਕਾਰਨ ਉਸ ਨੂੰ ਸ਼ੈਲਰ ਵਿੱਚ ਹੀ ਛੱਡ ਦਿੱਤਾ ਗਿਆ ਤੇ ਸਵੇਰੇ ਲੈ ਜਾਣ ਦੀ ਗੱਲ ਆਖੀ ਗਈ। ਵਪਾਰੀ ਵਰਗ ਵਿੱਚ ਦਹਿਸ਼ਤ ਦਾ ਮਾਹੌਲ ਸ਼ੈਲਰ ਮਾਲਕ ਨੇ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਵਪਾਰੀਆਂ ਤੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਵਪਾਰੀ ਵਰਗ ਬਿਨਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਕਰ ਸਕੇ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਸਾਰੀ ਘਟਨਾ ਸ਼ੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।