ਚਿੱਟਾ ਹਾਥੀ ਸਾਬਤ ਹੋਇਆ ਮੁੱਖ ਮੰਤਰੀ ਵੱਲੋਂ ਖਰੀਦਿਆ ਥਰਮਲ ਪਲਾਂਟ : ਘੁੰਮਣ ਚਿੱਟਾ ਹਾਥੀ ਸਾਬਿਤ ਹੋਇਆ ਮੁਖ ਮੰਤਰੀ ਵਲੌਂ ਖਰੀਦਿਆ ਥਰਮਲ ਪਲਾਂਟ,ਜਸਵਿੰਦਰ ਘੁੰਮਣ
Publish Date: Fri, 04 Sep 2026 07:10 PM (IST)
Updated Date: Fri, 04 Sep 2026 07:13 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਝੋਨੇ ਦੀ ਫਸਲ ਸਮੇਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਕਿਸਾਨਾਂ ਨੂੰ ਬਿਨਾਂ ਮੋਟਰਾਂ ਚਲਾਏ ਹੀ ਪਾਣੀ ਮੁੱਹਈਆ ਕਰਵਾ ਦਿਆਂਗੇ ਪਰ ਹੋਰ ਵਾਅਦਿਆਂ ਵਾਂਗ ਇਹ ਵਾਅਦਾ ਵੀ ਵਫਾ ਨਹੀਂ ਹੋ ਸਕਿਆ। ਸੂਬੇ ਦੇ ਮੁੱਖ ਮੰਤਰੀ ਸਾਹਿਬ ਹੁਬ-ਹੁਬ ਕੇ ਥਰਮਲ ਪਲਾਂਟ ਖਰੀਦਣ ਦੀਆਂ ਗੱਲਾਂ ਕਰਦੇ ਸਨ, ਉਹ ਵੀ ਚਿੱਟਾ ਹਾਥੀ ਹੀ ਸਾਬਤ ਹੋਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਆਗੂ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਘੁੰਮਣ ਤੇ ਸਤਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਵਿੱਚ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਵਫਾ ਨਹੀਂ ਕੀਤਾ, ਜਿਸ ਦਾ ਖਾਮਿਆਜ਼ਾ ਹੁਣ ਪੰਜਾਬ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਲੱਗ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਕਾਰਨ ਮੁਫਤ ਬਿਜਲੀ ਪ੍ਰਾਪਤ ਕਰਨ ਵਾਲਿਆਂ ਦੀ ਤਾਂ ਛੱਡੋ ਜੋ ਬਿਜਲੀ ਦਾ ਬਿੱਲ ਦਿੰਦੇ ਹਨ, ਉਨ੍ਹਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਝੋਨੇ ਦੀ ਫਸਲ ਲਗਾ ਕੇ 8 ਘੰਟੇ ਬਿਜਲੀ ਦੀ ਆਸ ਲਗਾ ਰਹੇ ਸਨ, ਜੋ ਸਿਰਫ ਦੋ ਤੋਂ ਤਿੰਨ ਘੰਟੇ ਹੀ ਮਿਲ ਰਹੀ ਹੈ। ਜੇਕਰ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਵਫਾ ਹੀ ਨਹੀਂ ਕਰਨੇ ਸਨ ਤਾਂ ਲੋਕਾਂ ਨੂੰ ਗੋਂਮਰਾਹ ਕਿਉਂ ਕੀਤਾ ਗਿਆ। ਜਸਵਿੰਦਰ ਤੇ ਸਤਵਿੰਦਰ ਨੇ ਕਿਹਾ ਕਿ ਸੂਬੇ ਦੇ ਜੋ ਹਾਲਾਤ ਪਿਛਲੇ ਸਾਢੇ ਚਾਰ ਕੁ ਸਾਲਾਂ ’ਚ ਬਣੇ ਹਨ, ਪੰਜਾਬ ਵਿੱਚ ਕਦੇ ਵੀ ਅਜਿਹੇ ਹਾਲਾਤ ਨਹੀਂ ਰਹੇ। ਕਿਤੇ ਦਿਨ-ਦਿਹਾੜੇ ਲੁੱਟ-ਖੋਹ ਕੀਤੀ ਜਾ ਰਹੀ ਹੈ, ਕਿਤੇ ਮਹਿਲਾਵਾਂ ਦੀਆਂ ਵਾਲੀਆਂ ਲਾਹੀਆਂ ਜਾ ਰਹੀਆਂ ਹਨ। ਸੂਬੇ ਦਾ ਕੋਈ ਵਰਗ ਵੀ ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਕਾਰਜ ਪ੍ਰਣਾਲੀ ਤੋਂ ਖੁਸ਼ ਨਹੀਂ ਹੈ। ਮੁੱਖ ਮੰਤਰੀ ਵੱਲੋਂ ਲਏ ਗਲਤ ਫੈਸਲਿਆਂ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ, ਨਹੀਂ ਤਾਂ ਲੋਕ ਸੱਤਾ ਪਲਟਣ ਨੂੰ ਜ਼ਿਆਦਾ ਸਮਾਂ ਵੀ ਨਹੀਂ ਲਗਾਉਣਗੇ।