ਨਸ਼ਾ ਤਸਕਰ ਅਸਲੀ ਰਾਵਣ ਨਾਲੋਂ ਵੀ ਵੱਧ ਸ਼ੈਤਾਨ : ਸਾਹੀ ਨਸ਼ਾ ਤਸਕਰਾਂ ਨੂੰ ਦਿੱਤੇ ਜਾ ਰਹੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਸੁਰੱਖਿਆ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ : ਜੁਗਰਾਜਪਾਲ ਸਾਹੀ
Publish Date: Thu, 29 Oct 2026 11:38 PM (IST)
Updated Date: Thu, 29 Oct 2026 11:40 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਪੰਜਾਬ ਨੂੰ ਨਸ਼ਿਆਂ ਦੇ ਇੱਕ ਅਜਿਹੇ ਰਾਖਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹਾ ਹੈ। ਨਸ਼ਾ ਤਸਕਰ ਅਸਲੀ ਰਾਵਣ ਨਾਲੋਂ ਵੀ ਵੱਧ ਸ਼ੈਤਾਨੀ ਹਨ। ਨਸ਼ਾ ਤਸਕਰ ਹਜ਼ਾਰਾਂ ਪਰਿਵਾਰਾਂ ਦੀਆਂ ਖੁਸ਼ੀਆਂ, ਬੁਢਾਪੇ ਵਿੱਚ ਮਾਵਾਂ ਦਾ ਸਹਾਰਾ ਤੇ ਭੈਣਾਂ ਦੇ ਭਰਾਵਾਂ ਨੂੰ ਖੋਹ ਰਹੇ ਹਨ। ਇਹ ਗੱਲ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਹੀ। ਜਥੇਦਾਰ ਸਾਹੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਨਸ਼ਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਜਨਤਾ ਦੇ ਮਨਾਂ ਵਿੱਚ ਗੰਭੀਰ ਸਵਾਲ ਉੱਠਦੇ ਹਨ ਕਿ ਅਖਿਰਕਾਰ ਨਸ਼ਾ ਤਸਕਰ ਨਸ਼ੇ ਕਿੱਥੋਂ ਪ੍ਰਾਪਤ ਕਰਦੇ ਹਨ, ਉਨ੍ਹਾਂ ਦਾ ਨੈੱਟਵਰਕ ਕਿਵੇਂ ਕੰਮ ਕਰਦਾ ਹੈ ਤੇ ਵਾਰ-ਵਾਰ ਸਖ਼ਤੀ ਦੇ ਬਾਵਜੂਦ ਇਹ ਵਪਾਰ ਕਿਨ੍ਹਾਂ ਹਾਲਾਤਾਂ ਵਿੱਚ ਜਾਰੀ ਰਹਿੰਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਪੂਰੇ ਨਸ਼ਾ ਤਸਕਰੀ ਨੈੱਟਵਰਕ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਜੇਕਰ ਨਸ਼ਾ ਤਸਕਰਾ ਨੂੰ ਰਾਜਨੀਤਿਕ ਪ੍ਰਭਾਵ, ਪ੍ਰਸ਼ਾਸਨਿਕ ਮਿਲੀਭੁਗਤ, ਜਾਂ ਭ੍ਰਿਸ਼ਟ ਅਧਿਕਾਰੀਆਂ ਦੀ ਸੁਰੱਖਿਆ ਪ੍ਰਾਪਤ ਹੈ, ਤਾਂ ਅਜਿਹੇ ਹਰ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਿਸੇ ਵੀ ਰਾਜਨੀਤਿਕ ਆਗੂ, ਸਰਕਾਰੀ ਅਧਿਕਾਰੀ, ਪੁਲਿਸ ਅਧਿਕਾਰੀ, ਜਾਂ ਹੋਰ ਪ੍ਰਭਾਵਸ਼ਾਲੀ ਵਿਅਕਤੀ ਨੂੰ ਸਿਰਫ਼ ਉਸਦੇ ਅਹੁਦੇ ਜਾਂ ਪ੍ਰਭਾਵ ਕਾਰਨ ਜਾਂਚ ਤੋਂ ਬਾਹਰ ਨਹੀਂ ਰੱਖਿਆ ਜਾਣ ਚਾਹੀਦਾ। ਹਾਲਾਂਕਿ, ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਠੋਸ ਸਬੂਤਾਂ ਤੇ ਕਾਨੂੰਨ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ।