- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਮੀਨੀ ਅਤੇ ਮਾਲ ਵਿਭਾਗ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਹੋਵੇ : ਵਿਧਾਇਕ ਰਾਣਾ

ਜ਼ਮੀਨਾਂ ਦੀ ਤਕਸੀਮ ਤੇ ਫਰਦ ਪ੍ਰਣਾਲੀ ’ਚ ਸੁਧਾਰ ਲਈ ਸਰਕਾਰ ਕੋਲ ਰੱਖੇ ਠੋਸ ਸੁਝਾਅ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਆਮ ਲੋਕਾਂ, ਕਿਸਾਨਾਂ ਤੇ ਜ਼ਮੀਨ ਮਾਲਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਦੋ ਅਹਿਮ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਸਰਕਾਰ ਤੋਂ ਇਨ੍ਹਾਂ ਦਾ ਸਥਾਈ ਤੇ ਵਿਹਾਰਕ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਇਨ੍ਹਾਂ ਸਮੱਸਿਆਵਾਂ ਕਾਰਨ ਹਜ਼ਾਰਾਂ ਲੋਕ ਹਰ ਰੋਜ਼ ਬੇਲੋੜੀ ਖੱਜਲ-ਖੁਆਰੀ ਤੇ ਆਰਥਿਕ ਬੋਝ ਦਾ ਸਾਹਮਣਾ ਕਰ ਰਹੇ ਹਨ। ਵਿਧਾਨ ਸਭਾ ਵਿੱਚ ਆਪਣੇ ਵਿਚਾਰ ਰੱਖਦਿਆਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਮੀਨਾਂ ਦੀ ਤਕਸੀਮ (ਵੰਡ) ਨਾ ਹੋਣ ਕਾਰਨ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਲੋਕਾਂ ਨੂੰ ਅਜਿਹੀਆਂ ਬੇਲੋੜੀਆਂ ਪ੍ਰਕਿਰਿਆਵਾਂ ਤੇ ਆਰਥਿਕ ਬੋਝ ਤੋਂ ਰਾਹਤ ਮਿਲਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਲ ਵਿਭਾਗ ਵਿੱਚ ਤਕਨੀਕੀ ਤੇ ਪ੍ਰਸ਼ਾਸਨਿਕ ਸੁਧਾਰ ਕਰਕੇ ਅਜਿਹੀ ਵਿਵਸਥਾ ਬਣਾਈ ਜਾਵੇ, ਜਿਸ ਨਾਲ ਲੋਕਾਂ ਨੂੰ ਆਪਣੇ ਹੱਕਾਂ ਨਾਲ ਸਬੰਧਤ ਦਸਤਾਵੇਜ਼ ਆਸਾਨੀ ਨਾਲ ਤੇ ਘੱਟ ਖ਼ਰਚੇ ਵਿੱਚ ਮਿਲ ਸਕਣ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁੱਦੇ ਸੂਬੇ ਦੇ ਲੱਖਾਂ ਕਿਸਾਨਾਂ, ਜ਼ਮੀਨ ਮਾਲਕਾਂ ਤੇ ਸ਼ਹਿਰੀ ਵਸਨੀਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਲੋੜੀਂਦੇ ਕਦਮ ਚੁੱਕੇਗੀ।
ਸਰਕਾਰ ਨੂੰ ਦਿੱਤੇ ਇਹ ਸੁਝਾਅ
ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਮਾਲ ਵਿਭਾਗ ਵੱਲੋਂ ਇਸ ਸਬੰਧੀ ਇੱਕ ਸਟੈਂਡਰਡ ਓਪਰੇਟਿੰਗ ਗਾਈਡਲਾਈਨਜ਼ (ਐੱਸਓਪੀ) ਜਾਰੀ ਕੀਤੀ ਜਾਵੇ, ਤਾਂ ਜੋ ਜਿਸ ਵਿਅਕਤੀ ਦਾ ਜਿਸ ਖਾਸ ਖਸਰਾ ਨੰਬਰ 'ਤੇ ਕਬਜ਼ਾ ਹੈ, ਉਸੇ ਖਸਰਾ ਨੰਬਰ 'ਤੇ ਬੈਂਕ ਚਾਰਜ ਦਰਜ ਕੀਤਾ ਜਾ ਸਕੇ। ਇਸ ਨਾਲ ਬੈਂਕ ਕਰਜ਼ਿਆਂ ਦੀ ਪ੍ਰਕਿਰਿਆ ਸਰਲ ਹੋਵੇਗੀ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਦੂਜਾ ਅਹਿਮ ਮੁੱਦਾ ਸ਼ਹਿਰੀਕਰਨ ਨਾਲ ਪੈਦਾ ਹੋ ਰਹੀਆਂ ਵਿਵਹਾਰਕ ਦਿੱਕਤਾਂ ਦਾ ਉਠਾਉਂਦਿਆਂ ਕਿਹਾ ਕਿ ਸ਼ਹਿਰਾਂ ਦੇ ਵਿਸਥਾਰ ਤੇ ਉਦਯੋਗਿਕ ਵਿਕਾਸ ਕਾਰਨ ਇੱਕ-ਇੱਕ ਖਾਤਾ ਨੰਬਰ ਵਿੱਚ ਸੈਂਕੜੇ ਵਿਅਕਤੀਆਂ ਦੇ ਨਾਮ ਦਰਜ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕਿਸੇ ਇੱਕ ਵਿਅਕਤੀ ਨੂੰ ਆਪਣੀ ਫਰਦ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਪੂਰੇ ਖਾਤੇ ਦੀਆਂ ਸੈਂਕੜੇ ਸਫ਼ਿਆਂ ਵਾਲੀਆਂ ਕਾਪੀਆਂ ਪ੍ਰਾਪਤ ਕਰਨੀਆਂ ਪੈਂਦੀਆਂ ਹਨ, ਜਿਸ ਕਾਰਨ ਇੱਕ ਸਧਾਰਨ ਫਰਦ ਲਈ ਵੀ ਹਜ਼ਾਰਾਂ ਰੁਪਏ ਖ਼ਰਚ ਕਰਨੇ ਪੈਂਦੇ ਹਨ।