ਚਹੇੜੂ ਰੇਲਵੇ ਸਟੇਸ਼ਨ ’ਤੇ ਮੁਸਾਫ਼ਿਰਾਂ ਲਈ ਪੱਖੇ ਤੱਕ ਨਹੀਂ ਚਹੇੜੂ ਰੇਲਵੇ ਸਟੇਸ਼ਨ ਤੇ ਮੁਸਾਫ਼ਿਰਾਂ ਦੇ ਬੈਠਣ ਲਈ ਬਣੀ ਸ਼ੈੱਡ ਵਿੱਚ ਪੱਖੇ ਤੱਕ ਨਹੀਂ
Publish Date: Thu, 13 Aug 2026 07:02 PM (IST)
Updated Date: Thu, 13 Aug 2026 07:05 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਚਹੇੜੂ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਦੀ ਉਡੀਕ ਕਰਨ ਵਾਲੇ ਮੁਸਾਫ਼ਿਰਾਂ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਦੇ ਮੁਸਾਫ਼ਿਰ ਖਾਨੇ ਵਿੱਚ ਗਰਮੀ ਦੇ ਮੌਸਮ ਦੌਰਾਨ ਵੀ ਪੱਖਿਆਂ ਦੀ ਸਹੂਲਤ ਢੰਗ ਨਾਲ ਉਪਲਬਧ ਨਹੀਂ ਹੈ, ਜਿਸ ਕਾਰਨ ਯਾਤਰੀਆਂ ਨੂੰ ਗਰਮੀ ਵਿੱਚ ਬੈਠ ਕੇ ਰੇਲ ਗੱਡੀ ਦੀ ਉਡੀਕ ਕਰਨੀ ਪੈਂਦੀ ਹੈ ਤੇ ਇਸ ਵਾਰ ਗਰਮੀ ਵੀ ਜ਼ਿਆਦਾ ਪੈ ਰਹੀ ਹੈ। ਇਸ ਤੋਂ ਇਲਾਵਾ ਮੁਸਾਫ਼ਿਰਾਂ ਲਈ ਲਗਾਇਆ ਗਿਆ ਠੰਢੇ ਪਾਣੀ ਵਾਲਾ ਵਾਟਰ ਕੂਲਰ ਵੀ ਬੰਦ ਪਿਆ ਹੈ। ਵਾਟਰ ਕੂਲਰ ਵਿੱਚੋਂ ਪੀਣ ਵਾਲਾ ਪਾਣੀ ਲੈਣ ਲਈ ਲੋੜੀਂਦੀ ਵਿਵਸਥਾ ਨਾ ਹੋਣ ਕਾਰਨ ਯਾਤਰੀਆਂ ਨੂੰ ਇੱਧਰ-ਉੱਧਰ ਭਟਕਣਾ ਪੈਂਦਾ ਹੈ। ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮੁਸਾਫ਼ਿਰਾਂ ਨੂੰ ਇਸ ਸਮੱਸਿਆ ਕਾਰਨ ਵਧੇਰੇ ਦਿੱਕਤ ਆ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੇ ਹਨ। ਅਜਿਹੇ ਵਿੱਚ ਮੁਸਾਫ਼ਿਰ ਖਾਨੇ ਵਿੱਚ ਪੱਖੇ ਤੇ ਸਾਫ਼ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮੁਸਾਫ਼ਿਰਾਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਹੇੜੂ ਰੇਲਵੇ ਸਟੇਸ਼ਨ ਦੇ ਮੁਸਾਫ਼ਿਰ ਖਾਨੇ ਦੀ ਤੁਰੰਤ ਜਾਂਚ ਕਰਵਾਈ ਜਾਵੇ, ਪੱਖੇ ਲਗਵਾਏ ਜਾਣ ਤੇ ਵਾਟਰ ਕੂਲਰ ਨੂੰ ਠੀਕ ਕਰਕੇ ਪੀਣ ਵਾਲੇ ਪਾਣੀ ਦੀ ਯੋਗ ਵਿਵਸਥਾ ਕੀਤੀ ਜਾਵੇ, ਤਾਂ ਜੋ ਰੇਲ ਗੱਡੀਆਂ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੂੰ ਗਰਮੀ ਤੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।