ਚਹੇੜੂ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਨਹੀਂ ਆਧੁਨਿਕ ਸਹੂਲਤਾਂ ਨਾਲ ਲੈਸ ਚਹੇੜੂ ਰੇਲਵੇ ਸਟੇਸ਼ਨ ’ਤੇ ਨਹੀਂ ਹੈ ਪੀਣ ਵਾਲੇ ਪਾਣੀ ਦੀ ਸੁਵਿਧਾ
Publish Date: Sat, 12 Sep 2026 07:05 PM (IST)
Updated Date: Sat, 12 Sep 2026 07:08 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਚਹੇੜੂ ਰੇਲਵੇ ਸਟੇਸ਼ਨ ਨੂੰ ਭਾਵੇਂ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਪਰ ਸਟੇਸ਼ਨ ’ਤੇ ਆਉਣ-ਜਾਣ ਵਾਲੇ ਰੇਲ ਯਾਤਰੀਆਂ ਲਈ ਪੀਣ ਵਾਲੇ ਪਾਣੀ ਦੀ ਮੁੱਢਲੀ ਸਹੂਲਤ ਹੀ ਠੱਪ ਪਈ ਹੋਣ ਕਾਰਨ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਟੇਸ਼ਨ ’ਤੇ ਲੱਗਾ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਕਈ ਮਹੀਨਿਆਂ ਤੋਂ ਖਰਾਬ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਪੀਣ ਵਾਲੇ ਪਾਣੀ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਜਦੋਂ ਰੇਲਵੇ ਲਾਈਨ ਕਲੀਅਰ ਨਾ ਹੋਣ ਕਾਰਨ ਕੋਈ ਲੰਬੇ ਸਫ਼ਰ ਵਾਲੀ ਟਰੇਨ ਚਹੇੜੂ ਰੇਲਵੇ ਸਟੇਸ਼ਨ ’ਤੇ ਰੁਕਦੀ ਹੈ ਤਾਂ ਉਸ ਸਮੇਂ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ। ਅਜਿਹੇ ਮੌਕੇ ’ਤੇ ਬੱਚਿਆਂ, ਬਜ਼ੁਰਗਾਂ ਤੇ ਹੋਰ ਯਾਤਰੀਆਂ ਨੂੰ ਪੀਣ ਵਾਲਾ ਪਾਣੀ ਲੱਭਣ ਲਈ ਇੱਧਰ-ਉੱਧਰ ਭਟਕਣਾ ਪੈਂਦਾ ਹੈ। ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ’ਤੇ ਪੀਣ ਵਾਲਾ ਸਾਫ਼ ਪਾਣੀ ਉਪਲਬਧ ਕਰਵਾਉਣਾ ਮੁੱਢਲੀ ਸਹੂਲਤ ਹੈ। ਜੇਕਰ ਵਾਟਰ ਕੂਲਰ ਲੰਬੇ ਸਮੇਂ ਤੋਂ ਖਰਾਬ ਪਿਆ ਹੈ ਤਾਂ ਉਸ ਦੀ ਮੁਰੰਮਤ ਕਰਵਾਉਣ ਜਾਂ ਨਵਾਂ ਵਾਟਰ ਕੂਲਰ ਲਗਾਉਣ ਵੱਲ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯਾਤਰੀਆਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਹੇੜੂ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਲੰਬੇ ਸਫ਼ਰ ਦੌਰਾਨ ਇਥੇ ਰੁਕਣ ਵਾਲੇ ਰੇਲ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।