ਰਾਮਾ ਕ੍ਰਿਸ਼ਨਾ ਰਾਈਸ ਮਿੱਲ ’ਚੋਂ ਝੋਨਾ ਚੋਰੀ
ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਵਿੱਚ ਚੋਰੀ; ਚੋਰ 40-45 ਬੋਰੀਆਂ ਝੋਨਾ ਲੈ ਕੇ ਫਰਾਰ
Publish Date: Tue, 03 Nov 2026 09:18 PM (IST)
Updated Date: Tue, 03 Nov 2026 09:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਨੂੰ ਇੱਕ ਵਾਰ ਫਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ, ਚੋਰਾਂ ਨੇ ਰਾਈਸ ਮਿੱਲ ਦੀ ਕੰਧ ਤੋੜ ਕੇ ਝੋਨੇ ਦੀਆਂ ਲਗਭਗ 40 ਤੋਂ 45 ਬੋਰੀਆਂ ਲੈ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਸਥਾਨਕ ਰਾਈਸ ਮਿੱਲ ਮਾਲਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਮਿੱਲ ਮਾਲਕਾਂ ਅਨੁਸਾਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਪਹਿਲਾਂ ਵੀ ਉਨ੍ਹਾਂ ਦੀ ਮਿੱਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੀ ਘਟਨਾ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ, ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਰਾਮਾ ਕ੍ਰਿਸ਼ਨਾ ਰਾਈਸ ਮਿੱਲ ਦੇ ਮਾਲਕਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ ਤੇ ਰਾਜ ਮੋਹਨ ਪੁਰੀ ਨੇ ਵਾਰ-ਵਾਰ ਹੋ ਰਹੀਆਂ ਚੋਰੀਆਂ ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਜੂਦਾ ਤੇ ਪਿਛਲੀਆਂ ਚੋਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਦੋਸ਼ੀਆਂ ਨੂੰ ਫੜਿਆ ਜਾਵੇ ਤੇ ਚੋਰੀ ਹੋਇਆ ਝੋਨਾ ਬਰਾਮਦ ਕੀਤਾ ਜਾਵੇ। ਇਸ ਘਟਨਾ ਨੇ ਇਲਾਕੇ ਦੀਆਂ ਰਾਈਸ ਮਿੱਲਾਂ ਦੀ ਸੁਰੱਖਿਆ ਵਿਵਸਥਾ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।