ਮੰਡ ਬਤਾਲਾ ’ਚ ਦਰਿਆ ਬਿਆਸ ਦਾ ਕਹਿਰ ਜਾਰੀ ਜ਼ਮੀਨਾਂ ਬਚਾਉਣ ਲਈ ਸਰਕਾਰ ਤੁਰੰਤ ਪੱਕੇ ਸੁਰੱਖਿਆ ਪ੍ਰਬੰਧ ਕਰੇ : ਗੁਰਦੀਪ ਸਿੰਘ ਭੰਡਾਲ
Publish Date: Mon, 10 Aug 2026 08:59 PM (IST)
Updated Date: Mon, 10 Aug 2026 09:02 PM (IST)
ਟੁੱਟੀ ਸਰਕਾਰੀ ਨੌਚ ਕਾਰਨ ਵਧਿਆ ਜ਼ਮੀਨੀ ਕਟਾਅ ਸਰਕਾਰ ਤੁਰੰਤ ਪੱਕੇ ਸੁਰੱਖਿਆ ਪ੍ਰਬੰਧ ਕਰੇ : ਭੰਡਾਲ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਮੰਡ ਬਤਾਲਾ ਵਿਖੇ ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਤਾਰ ਹੋ ਰਹੇ ਭਾਰੀ ਨੁਕਸਾਨ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ, ਯੂਥ ਆਗੂ ਅਮਨਦੀਪ ਸਿੰਘ ਬੱਲ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਤੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਮੰਡ ਬਤਾਲਾ ਵਿਖੇ ਹੜ੍ਹਾਂ ਦੀ ਰੋਕਥਾਮ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਲਈ ਸਰਕਾਰੀ ਤੌਰ ’ਤੇ ਲਗਾਈ ਗਈ ਨੌਚ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੋੜੇ ਜਾਣ ਤੋਂ ਬਾਅਦ ਦਰਿਆ ਦਾ ਪਾਣੀ ਤੇਜ਼ੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਢਾਹ ਲਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਆਰਜ਼ੀ ਤੌਰ ’ਤੇ ਮਿੱਟੀ ਦੇ ਬੋਰੇ ਲਗਾ ਕੇ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਦਰਿਆ ਦੇ ਮੌਜੂਦਾ ਤੇਜ਼ ਵਹਾਅ ਦੇ ਮੱਦੇਨਜ਼ਰ ਇਹ ਪ੍ਰਬੰਧ ਕਾਫ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੱਕੇ ਤੇ ਤਕਨੀਕੀ ਤੌਰ ’ਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਦੀ ਹੋਰ ਕੀਮਤੀ ਖੇਤੀਬਾੜੀ ਜ਼ਮੀਨ ਦਰਿਆ ਵਿੱਚ ਰੁੜ੍ਹ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਨੌਚ ਟੁੱਟਣ ਤੇ ਉਸ ਤੋਂ ਬਾਅਦ ਦਰਿਆ ਦੇ ਤੇਜ਼ ਵਹਾਅ ਕਾਰਨ ਇੱਕ ਕਿਸਾਨ ਦੀ ਲਗਭਗ ਇੱਕ ਏਕੜ ਜ਼ਮੀਨ ਦਰਿਆ ਬਿਆਸ ਵਿੱਚ ਰੁੜ੍ਹ ਚੁੱਕੀ ਹੈ। ਭੰਡਾਲ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਸਬੰਧਤ ਵਿਭਾਗਾਂ ਦੀ ਸਾਂਝੀ ਟੀਮ ਤੁਰੰਤ ਮੌਕੇ ’ਤੇ ਭੇਜ ਕੇ ਦਰਿਆ ਦੇ ਵਹਾਅ, ਜ਼ਮੀਨੀ ਕਟਾਅ ਤੇ ਖ਼ਤਰੇ ਦਾ ਤਕਨੀਕੀ ਸਰਵੇ ਕਰਵਾਇਆ ਜਾਵੇ। ਟੁੱਟੀ ਹੋਈ ਸਰਕਾਰੀ ਨੌਚ ਦੀ ਥਾਂ ਮਾਹਰਾਂ ਦੀ ਸਲਾਹ ਅਨੁਸਾਰ ਲੋੜੀਂਦੀ ਲੰਬਾਈ ਤੱਕ ਮਜ਼ਬੂਤ ਤੇ ਪੱਕਾ ਸੁਰੱਖਿਆ ਢਾਂਚਾ ਤਿਆਰ ਕੀਤਾ ਜਾਵੇ ਤੇ ਜਦੋਂ ਤੱਕ ਪੱਕਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਆਰਜ਼ੀ ਰੋਕਥਾਮੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਰਿਆ ਦੇ ਕਟਾਅ ਨਾਲ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਪ੍ਰਭਾਵਿਤ ਹੋਈ ਹੈ, ਉਸ ਦੀ ਮਾਲ ਰਿਕਾਰਡ ਅਨੁਸਾਰ ਮੌਕੇ ’ਤੇ ਪੈਮਾਇਸ਼ ਕਰਵਾ ਕੇ ਪੰਚਨਾਮਾ ਤੇ ਮੁਆਇਨਾ ਰਿਪੋਰਟ ਤਿਆਰ ਕੀਤੀ ਜਾਵੇ ਤੇ ਨੁਕਸਾਨ ਨੂੰ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਵੇ। ਗੁਰਦੀਪ ਸਿੰਘ ਭੰਡਾਲ ਨੇ ਇਹ ਵੀ ਮੰਗ ਕੀਤੀ ਕਿ ਸਰਕਾਰੀ ਸੁਰੱਖਿਆ ਢਾਂਚੇ ਨੂੰ ਤੋੜਨ ਵਾਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ, ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ, ਉਨ੍ਹਾਂ ਵਿਰੁੱਧ ਲਾਗੂ ਕਾਨੂੰਨੀ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਰਕਾਰੀ ਸੰਪਤੀ ਨੂੰ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇ । ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੁਝ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਨਹੀਂ, ਸਗੋਂ ਮੰਡ ਬਤਾਲਾ ਦੇ ਸਮੁੱਚੇ ਇਲਾਕੇ ਦੀ ਸੁਰੱਖਿਆ, ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਹੜ੍ਹਾਂ ਤੋਂ ਬਚਾਅ ਨਾਲ ਜੁੜਿਆ ਗੰਭੀਰ ਮਾਮਲਾ ਹੈ। ਭੰਡਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਐਮਰਜੈਂਸੀ ਆਧਾਰ ’ਤੇ ਲੈਂਦਿਆਂ ਤੁਰੰਤ ਮੌਕੇ ’ਤੇ ਸੁਰੱਖਿਆ ਕਾਰਜ ਸ਼ੁਰੂ ਕਰਵਾਏ ਜਾਣ, ਤਾਂ ਜੋ ਕਿਸਾਨਾਂ ਦੀ ਬਚੀ ਹੋਈ ਜ਼ਮੀਨ ਨੂੰ ਦਰਿਆ ਦੇ ਕਟਾਅ ਤੋਂ ਬਚਾਇਆ ਜਾ ਸਕੇ। ਇਸ ਸਮੇਂ ਯੂਥ ਪ੍ਰਧਾਨ ਹਲਕਾ ਭੁਲੱਥ ਅਮਨਦੀਪ ਸਿੰਘ ਬੱਲ,ਸ ਮੱਖਣ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਬੱਲ, ਜਸਵਿੰਦਰ ਸਿੰਘ ਨੰਬਰਦਾਰ,ਸ ਗੁਰਪ੍ਰੀਤ ਸਿੰਘ ਬੱਲ ਮੌਜੂਦ ਰਹੇ ।