ਮਨੀ ਮਹੇਸ਼ ਮੰਦਰ ਕਮੇਟੀ ਲੋਕਾਂ ਨੂੰ ਧਰਮ ਨਾਲ ਜੋੜ ਰਹੀ : ਐਡ. ਚੰਦੀ ਮਨੀ ਮਹੇਸ਼ ਮੰਦਰ ਕਮੇਟੀ ਵੱਲੋਂ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ : ਐਡਵੋਕੇਟ ਚੰਦੀ
Publish Date: Thu, 03 Sep 2026 08:31 PM (IST)
Updated Date: Thu, 03 Sep 2026 08:34 PM (IST)
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਆਯੋਜਿਤ ਵਿਸ਼ਾਲ ਸ਼ੋਭਾ ਯਾਤਰਾ ’ਚ ਆਪ ਦੇ ਅਹੁਦੇਦਾਰਾਂ ਨੇ ਲਿਆ ਹਿੱਸਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਾਲ ਰੋਡ ਸਥਿਤ ਸ਼੍ਰੀ ਮਨੀ ਮਹੇਸ਼ ਮੰਦਰ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੀ ਅਗਵਾਈ ਹੇਠ ਹਿੱਸਾ ਲਿਆ। ਇਸ ਮੌਕੇ ਆਗੂਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ ਤੇ ਦੇਸ਼, ਰਾਜ ਤੇ ਜ਼ਿਲ੍ਹੇ ਦੀ ਤਰੱਕੀ, ਖੁਸ਼ਹਾਲੀ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪਵਿੱਤਰ ਤਿਉਹਾਰ ਹੈ। ਉਨ੍ਹਾਂ ਕਿਹਾ ਭਗਵਾਨ ਸ੍ਰੀ ਕ੍ਰਿਸ਼ਨ ਨੇ ਮਾਂ ਦੇਵਕੀ ਤੇ ਵਾਸੁਦੇਵ ਦੇ ਪੁੱਤਰ ਦੇ ਰੂਪ ਵਿੱਚ ਅਵਤਾਰ ਧਾਰ ਕੇ ਧਰਮ, ਸੱਚ ਤੇ ਨਿਆਂ ਦੀ ਸਥਾਪਨਾ ਦਾ ਕੰਮ ਕੀਤਾ। ਉਨ੍ਹਾਂ ਜ਼ਿਲ੍ਹੇ ਤੇ ਸੂਬੇ ਦੇ ਲੋਕਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਤੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਕਿਰਪਾ ਨਾਲ ਸਾਡੇ ਜ਼ਿਲ੍ਹੇ, ਸੂਬੇ ਤੇ ਦੇਸ਼ ’ਤੇ ਸ਼ਾਂਤੀ ਅਤੇ ਖੁਸ਼ਹਾਲੀ ਦੀ ਬਰਸਾਤ ਹੁੰਦੀ ਰਹੇ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸਾਨੂੰ ਕੁਝ ਜੀਵਨ ਬਦਲਣ ਵਾਲੀਆਂ ਸਿੱਖਿਆਵਾਂ ਦਿੱਤੀਆਂ ਹਨ, ਜਿਨ੍ਹਾਂ ਦਾ ਅਰਜੁਨ ਨੇ ਪਾਲਣ ਕੀਤਾ ਤੇ ਮਹਾਭਾਰਤ ਦਾ ਯੁੱਧ ਜਿੱਤਿਆ। ਜੇਕਰ ਤੁਸੀਂ ਵੀ ਨੇਕੀ ਦੇ ਮਾਰਗ ’ਤੇ ਚੱਲਣਾ ਚਾਹੁੰਦੇ ਹੋ ਤੇ ਜੀਵਨ ਵਿੱਚ ਸਫਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਸਾਰੀਆਂ ਮੁਸੀਬਤਾਂ ਦੂਰ ਹੁੰਦੀਆਂ ਹਨ ਤੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਮਨੀ ਮਹੇਸ਼ ਮੰਦਰ ਕਮੇਟੀ ਵੱਲੋਂ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਆਪਸੀ ਭਾਈਚਾਰੇ ਨੂੰ ਵਧਾਉਂਦੇ ਹਨ। ਐਡਵੋਕੇਟ ਚੰਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸ਼ੁਭ ਹੈ ਤੇ ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਰੀ ਰਸਮ ਨਾਲ ਪੂਜਾ ਕੀਤੀ ਜਾਂਦੀ ਹੈ। ਝਾਂਕੀਆਂ ਲਗਾਈਆਂ ਜਾਂਦੀਆਂ ਹਨ ਤੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ। ਐਡਵੋਕੇਟ ਚੰਦੀ ਨੇ ਲੋਕਾਂ ਨੂੰ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਭ੍ਰਿਸ਼ਟਾਚਾਰ ਤੇ ਫਿਰਕਾਪ੍ਰਸਤੀ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਲੋਕਾਂ ਦੇ ਸਰਗਰਮ ਸਮਰਥਨ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ।