ਮਾਂ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ : ਸੰਧੂ ਮਾਂ ਦੇ ਚਲੇ ਜਾਣ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ: ਹਰਮੇਸ਼ ਲਾਲ ਸੰਧੂ
Publish Date: Mon, 14 Sep 2026 07:59 PM (IST)
Updated Date: Mon, 14 Sep 2026 08:02 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਮਾਂ ਦਾ ਵਿਛੋੜਾ ਜ਼ਿੰਦਗੀ ਦਾ ਉਹ ਦੁੱਖ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੁੰਦਾ। ਮਾਂ ਭਾਵੇਂ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਵੇ ਪਰ ਉਸ ਦੀਆਂ ਯਾਦਾਂ ਹਮੇਸ਼ਾ ਪਰਿਵਾਰ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੀਆਂ ਹਨ। ਇਸੇ ਦਰਦ ਨੂੰ ਇਟਲੀ ਵਿੱਚ ਰਹਿੰਦੇ ਮਹੇੜੂ ਦੇ ਨੌਜਵਾਨ ਹਰਮੇਸ਼ ਲਾਲ ਸੰਧੂ ਨੇ ਆਪਣੀ ਸਵ. ਮਾਤਾ ਲਛਮਣ ਕੌਰ ਸੰਧੂ ਦੀ ਪਹਿਲੀ ਬਰਸੀ ਮੌਕੇ ਪੰਜਾਬੀ ਜਾਗਰਣ ਦੇ ਸਥਾਨਕ ਪੱਤਰਕਾਰ ਨਾਲ ਫੋਨ ਤੇ ਸਾਂਝਾ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਮਾਂ ਦੇ ਵਿਛੋੜੇ ਤੋਂ ਬਾਅਦ ਜ਼ਿੰਦਗੀ ਵਿੱਚ ਇੱਕ ਅਜਿਹੀ ਖਾਲੀ ਥਾਂ ਪੈਦਾ ਹੋ ਜਾਂਦੀ ਹੈ, ਜਿਸ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦਿਆਂ ਵੀ ਹਰ ਪਲ ਆਪਣੀ ਮਾਂ ਦੀਆਂ ਯਾਦਾਂ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ ਤੇ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਮਾਂ ਦੀ ਬਹੁਤ ਯਾਦ ਆ ਰਹੀ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਹਰਮੇਸ਼ ਦੇ ਪਿਤਾ ਗੇਜ ਪਾਲ ਸੰਧੂ, ਮੰਗਾਂ ਸੰਧੂ, ਨੂੰਹ ਰਾਜ ਸੰਧੂ ਤੇ ਪੋਤਾ ਆਕਾਸ਼ਦੀਪ ਸੰਧੂ ਨੇ ਵੀ ਮਾਤਾ ਲਛਮਣ ਕੌਰ ਸੰਧੂ ਨੂੰ ਯਾਦ ਕਰਦਿਆਂ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲਛਮਣ ਕੌਰ ਸੰਧੂ ਨੇ ਪਰਿਵਾਰ ਨੂੰ ਹਮੇਸ਼ਾ ਪਿਆਰ, ਸਨੇਹ ਤੇ ਇਕਜੁੱਟਤਾ ਨਾਲ ਜੋੜ ਕੇ ਰੱਖਿਆ ਤੇ ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਲਛਮਣ ਕੌਰ ਸੰਧੂ 70 ਸਾਲ ਦੀ ਉਮਰ ਵਿੱਚ ਸਵਰਗਵਾਸ ਹੋਏ ਸਨ। ਹਰਮੇਸ਼ ਲਾਲ ਸੰਧੂ ਨੇ ਕਿਹਾ ਕਿ ਮਾਂ ਦੀਆਂ ਦਿੱਤੀਆਂ ਸਿੱਖਿਆਵਾਂ, ਉਸ ਦਾ ਪਿਆਰ ਤੇ ਉਸ ਵੱਲੋਂ ਪਰਿਵਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।