ਨਵੀਂ ਸੜਕ ਬਦਲੇਗੀ ਮੰਡ ਦੀ ਤਸਵੀਰ : ਸੰਤ ਸੀਚੇਵਾਲ ਨਵੀਂ ਬਣਨ ਵਾਲੀ ਸੜਕ ਬਦਲੇਗੀ ਮੰਡ ਦੀ ਤਸਵੀਰ ਤੇ ਕਿਸਾਨਾਂ ਦੀ ਤਕਦੀਰ : ਸੰਤ ਸੀਚੇਵਾਲ
Publish Date: Sat, 17 Oct 2026 07:56 PM (IST)
Updated Date: Sat, 17 Oct 2026 07:57 PM (IST)
--ਪੰਜਾਬ ਰਾਜ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਹੈ ਸੜਕ --ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੂੰ ਮੰਡੀ ’ਚ ਜਿਣਸਾਂ ਲੈ ਜਾਣ ’ਚ ਮਿਲੇਗੀ ਮਦਦ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੰਡ ਇਲਾਕੇ ਵਿੱਚ ਬਣ ਰਹੀ ਸੜਕ ਵਿਕਾਸ ਦਾ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਣ ਰਹੀ ਇਸ ਸੜਕ ਪੰਜਾਬ ਰਾਜ ਮੰਡੀ ਬੋਰਡ ਦੀ ਨਿਗਰਾਨੀ ਹੇਠ ਬਣਾਈ ਜਾ ਰਹੀ ਹੈ। ਫੱਤੇਵਾਲ ਗਾਊਸ਼ਾਲਾ ਤੋਂ ਇਸ ਦੇ ਬਣਨ ਦੀ ਸ਼ੁਰੂਆਤ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਸੜਕ ਮੰਡਲ ਇਲਾਕੇ ਦੀ ਤਸਵੀਰ ਤੇ ਕਿਸਾਨਾਂ ਦੀ ਤਕਦੀਰ ਬਦਲਕੇ ਰੱਖ ਦੇਵੇਗੀ। ਇਹ ਸੜਕ ਬਣਨ ਨਾਲ ਦਰਜਨ ਭਰ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ। ਅਜ਼ਾਦੀ ਦੇ 8 ਦਹਾਕਿਆਂ ਬਾਅਦ ਪਹਿਲੀ ਵਾਰ ਇਸ ਖਿੱਤੇ ਵਿੱਚ ਬਣ ਰਹੀ ਸੜਕ ਵਿਕਾਸ ਦੇ ਨਵੇਂ ਰਾਹ ਵੀ ਖੋਲ੍ਹ ਦੇਵੇਗੀ। ਦਰਜਨ ਭਰ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਹੋਰ ਮੋਹਤਬਾਰ ਲੋਕਾਂ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੰਡ ਇਲਾਕੇ ਨੂੰ ਪਹਿਲਾਂ ਹੜ੍ਹਾਂ ਦੀ ਮਾਰ ਤੋਂ ਬਚਾਇਆ ਸੀ ਤੇ ਹੁਣ ਸੜਕ ਬਣਾ ਕੇ ਉਨ੍ਹਾਂ ਲਈ ਤਰੱਕੀ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸੜਕਾਂ ਇਲਾਕੇ ਦੀਆਂ ਜੀਵਨ ਰੇਖਾਵਾਂ ਵਾਂਗ ਹੁੰਦੀਆਂ ਹਨ। ਕਿਸਾਨਾਂ ਆਪਣੇ ਖੇਤਾਂ ਵਿੱਚੋਂ ਫਸਲਾਂ ਨੂੰ ਬੜੇ ਸੌਖੇ ਢੰਗ ਨਾਲ ਮੰਡੀਆਂ ਤੱਕ ਲੈ ਜਾ ਸਕਣਗੇ। ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਿੱਧਾਂ ਲਾਭ ਪਹੁੰਚਾਏਗੀ। ਇਨ੍ਹਾਂ ’ਚ ਫੱਤੇਵਾਲ, ਗਾਮੇਵਾਲ, ਜਾਮੇਵਾਲ, ਮੰਡ ਸਿੰਘ ਪੁਰ, ਗੁੱਡੇ, ਮੰਡ ਆਹਲੀ ਕਲਾਂ, ਆਹਲੀ ਖੁਰਦ ਅਤੇ ਆਹਲੀ ਕਲਾਂ ਸਮੇਤ ਹੋਰ ਇਲਾਕੇ ਦੇ ਪਿੰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਉਦਮ ਸਦਕਾ ਹੀ ਅਜ਼ਾਦੀ ਤੋਂ ਬਾਅਦ ਇੱਥੇ ਪੱਕੀ ਸੜਕ ਬਣਨ ਲੱਗੀ ਹੈ, ਜਿਸਦਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਖਿੱਤੇ ਵਿੱਚ ਸੜਕਾਂ ਦਾ ਜਾਲ ਵਿਛਾਅ ਦਿੱਤਾ ਹੈ। ਸਾਢੇ ਤਿੰਨ ਕਿਲੋਮੀਟਰ ਲੰਮੀ ਤੇ 14 ਫੁੱਟ ਚੌੜੀ ਇਹ ਸੜਕ ਧੁੱਸੀ ਬੰਨ੍ਹ ਤੋਂ ਲੈ ਕੇ ਐਡਵਾਂਸ ਬੰਨ੍ਹ ਤੱਕ ਬਣੇਗੀ।