ਚਹੇੜੂ ਵਿਖੇ ਦੋ ਦਿਨਾਂ ਸਾਲਾਨਾ ਮੇਲਾ ਅੱਜ
ਦਰਬਾਰ ਬਾਬਾ ਪੰਜ ਪੀਰ ਪਿੰਡ ਚਹੇੜੂ ਵਿਖੇ ਦੋ ਦਿਨਾਂ ਸਾਲਾਨਾ ਮੇਲਾ ਅੱਜ ਹੋਵੇਗਾ ਆਰੰਭ
Publish Date: Fri, 04 Sep 2026 07:37 PM (IST)
Updated Date: Fri, 04 Sep 2026 07:40 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਦਰਬਾਰ ਬਾਬਾ ਪੰਜ ਪੀਰ ਪਿੰਡ ਚਹੇੜੂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਮੇਲੇ ਤੇ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਬਾਰ ਵਿਖੇ ਕਰਵਾਇਆ ਜਾ ਰਿਹਾ ਇਹ ਸਾਲਾਨਾ ਸਮਾਗਮ ਅੱਜ 5 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਆਰੰਭ ਹੋਵੇਗਾ। ਜਾਣਕਾਰੀ ਦਿੰਦਿਆਂ ਦਰਬਾਰ ਦੇ ਸੇਵਾਦਾਰ ਅਮਰਦੀਪ ਢੰਡਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਗੁੱਗਾ ਜਾਹਰ ਪੀਰ ਜੀ ਸਮੂਹ ਮੰਡਲ, ਇਲਾਕੇ ਦੀਆਂ ਸੰਗਤਾਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਦਰਬਾਰ ਦੀਆਂ ਜ਼ਰੂਰੀ ਧਾਰਮਿਕ ਰਸਮਾਂ ਦੀ ਅਦਾਇਗੀ ਕੀਤੀ ਜਾਵੇਗੀ, ਉਪਰੰਤ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ 5 ਸਤੰਬਰ ਦੀ ਸ਼ਾਮ ਦਰਬਾਰ ਵਿਖੇ ਮਹਿਫ਼ਲ-ਏ-ਕੱਵਾਲ ਸਜੇਗੀ, ਜਿਸ ਵਿੱਚ ਪ੍ਰਸਿੱਧ ਬੰਟੀ ਕੱਵਾਲ ਆਪਣੀ ਕੱਵਾਲੀ ਰਾਹੀਂ ਹਾਜ਼ਰੀ ਲਗਵਾਉਣਗੇ। ਇਸੇ ਤਰ੍ਹਾਂ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਛਿੰਝ ਕਰਵਾਈ ਜਾਵੇਗੀ। ਇਸ ਤੋਂ ਇਲਾਵਾ 7 ਸਤੰਬਰ ਦਿਨ ਸੋਮਵਾਰ ਨੂੰ ਪ੍ਰਸਿੱਧ ਸਿੰਮੀ ਨੱਕਾਲ ਪਾਰਟੀ ਵੱਲੋਂ ਆਪਣਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।