ਫਗਵਾੜਾ ਦੇ ਸਕੂਲਾਂ ’ਚਬੱਚਿਆਂ ਤੋਂ ਪਖਾਨੇ ਸਾਫ਼ ਕਰਵਾਏ ਜਾ ਰਹੇ : ਧਾਲੀਵਾਲ ਸਿੱਖਿਆ ਕ੍ਰਾਂਤੀ' ਦਾ ਸੱਚ, ਫਗਵਾੜਾ ਦੇ ਸਕੂਲਾਂ ਵਿੱਚ ਅਧਿਆਪਕ ਨਹੀਂ, ਬੱਚਿਆਂ ਤੋਂ ਪੈਖਾਨੇ ਸਾਫ਼ ਕਰਵਾਏ ਜਾ ਰਹੇ: ਧਾਲੀਵਾਲ
Publish Date: Mon, 07 Sep 2026 06:52 PM (IST)
Updated Date: Mon, 07 Sep 2026 06:55 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਚਾਰਿਤ ਕੀਤੀ ਜਾ ਰਹੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਫਗਵਾੜਾ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਇੱਕ ਸਕੂਲ ਵਿੱਚ 144 ਵਿਦਿਆਰਥੀ ਹੋਣ ਦੇ ਬਾਵਜੂਦ ਇੱਕ ਵੀ ਪੱਕਾ ਅਧਿਆਪਕ ਨਹੀਂ ਹੈ, ਜਦਕਿ ਦੂਜੇ ਸਕੂਲ ਵਿੱਚ 70 ਬੱਚਿਆਂ ਲਈ ਸਿਰਫ਼ ਇੱਕ ਅਧਿਆਪਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਛੋਟੇ ਬੱਚਿਆਂ ਤੋਂ ਸਕੂਲਾਂ ਦੇ ਪਖਾਨੇ ਸਾਫ਼ ਕਰਵਾਏ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਜੇ ਨੰਨੇ ਬੱਚਿਆਂ ਨੂੰ ਪੜ੍ਹਾਈ ਦੀ ਬਜਾਏ ਸਫ਼ਾਈ ਦਾ ਕੰਮ ਕਰਨਾ ਪੈ ਰਿਹਾ ਹੈ ਤਾਂ ਇਹ ਸਿੱਖਿਆ ਪ੍ਰਣਾਲੀ ਦੀ ਗੰਭੀਰ ਨਾਕਾਮੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹੀ ਉਹ ਸਿੱਖਿਆ ਕ੍ਰਾਂਤੀ ਹੈ ਜਿਸਦਾ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਪ੍ਰਚਾਰ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਨਮਾਨਜਨਕ ਅਤੇ ਸੁਰੱਖਿਅਤ ਸਿੱਖਿਆਕ ਮਾਹੌਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਨਾ ਕਿ ਉਨ੍ਹਾਂ ਨੂੰ ਅਜਿਹੀਆਂ ਹਾਲਤਾਂ ਵਿੱਚ ਛੱਡ ਦੇਣਾ। ਵਿਧਾਇਕ ਨੇ ਮੰਗ ਕੀਤੀ ਕਿ ਫਗਵਾੜਾ ਸਮੇਤ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਸਫ਼ਾਈ ਕਰਵਾਉਣ ਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਸਿੱਖਿਆ ਪ੍ਰਣਾਲੀ ਨੂੰ ਸਿਰਫ਼ ਇਸ਼ਤਿਹਾਰਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੀਤੀਆਂ ਉਦੋਂ ਹੀ ਸਫ਼ਲ ਮੰਨੀਆਂ ਜਾਂਦੀਆਂ ਹਨ ਜਦੋਂ ਹਰ ਕਲਾਸ ਵਿੱਚ ਅਧਿਆਪਕ ਹੋਵੇ ਤੇ ਹਰ ਬੱਚੇ ਨੂੰ ਸਨਮਾਨ ਨਾਲ ਸਿੱਖਿਆ ਮਿਲੇ।