ਝੋਟੇ ਦੇ ਕਤਲ ਨਾਲ ਸਰਕਾਰ ਦਾ ਅਸਲੀ ਚਿਹਰਾ ਆਇਆ ਸਾਹਮਣੇ : ਸਹੋਤਾ ਪਰਮਿੰਦਰ ਝੋਟੇ ਦੇ ਕਤਲ ਨਾਲ ਸਰਕਾਰ ਦਾ ਅਸਲੀ ਚਿਹਰਾ ਆਇਆ ਸਾਹਮਣੇ : ਸਹੋਤਾ
Publish Date: Sat, 17 Oct 2026 07:33 PM (IST)
Updated Date: Sat, 17 Oct 2026 07:36 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ(ਰਜਿ) ਪੰਜਾਬ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਹੋਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਹਿਜ਼ ਕਾਗਜ਼ਾਂ ਵਿਚ ਖ਼ਾਨਾਪੂਰਤੀ ਹੀ ਸਾਬਿਤ ਹੋਈ, ਜਿਸ ਦੀ ਤਾਜ਼ਾ ਉਦਾਹਰਣ ਮਾਨਸਾ ਵਿੱਚ ਵਾਪਰੇ ਦੁਖਦਾਈ ਕਾਂਡ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕੈਮਿਸਟਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕੋਈ ਵੀ ਪੰਜਾਬ ਵਾਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਸਹੋਤਾ ਨੇ ਕਿਹਾ ਕਿ ਪੰਜਾਬ ਬੰਦ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਨਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ ਬੈਠੇ ਹਨ। ਆਮ ਜਨਤਾ ਦੀ ਆਵਾਜ਼ ਹੈ ਕਿ ਦਿੱਲੀ ਦੇ ਲੋਕਾਂ ਦੀ ਕਮਾਨ ’ਤੇ ਪੰਜਾਬ ਦੇ ਹੋਰ ਪੁੱਤ ਨਾ ਮਰਵਾਏ ਜਾਣ ਤੇ ਦਿੱਲੀ ਦੇ ਔਰੰਗਜ਼ੇਬਾਂ ਨੂੰ ਇੱਥੋਂ ਚਲਦਾ ਕੀਤਾ ਜਾਵੇ। ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਮੰਗ ਕਰਦੀ ਹੈ ਕਿ ਝੋਟੇ ਦੇ ਕਤਲ ਕਾਂਡ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਕਾਂਡ ਵਿਚ ਸ਼ਾਮਲ ਗੁੰਡਾ ਅਨਸਰਾਂ ਤੇ ਪੁਲਿਸ ਮਹਿਕਮੇ ਦੀ ਸ਼ਮੂਲੀਅਤ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਸਰਵਣ ਸਿੰਘ, ਨਾਰਾਇਣ ਨਾਹਰ ਜ਼ਿਲ੍ਹਾ ਚੇਅਰਮੈਨ ਜਲੰਧਰ, ਚਮਕੌਰ ਸਿੰਘ ਆਹਲੀ ਕਲਾ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਰਸ਼ਪਾਲ ਸਿੰਘ ਰਾਮੇ ਜਰਨਲ ਸਕੱਤਰ ਪੰਜਾਬ, ਰੋਹਿਤ ਸੁਲਤਾਨਪੁਰ ਲੋਧੀ, ਲਵ ਮਹਿਰਾਜਵਾਲਾ, ਵੰਸ਼ ਲੋਹੀਆਂ, ਅਕਾਸ਼ ਜੱਬੋਵਾਲ ਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।