ਮਹੱਲੇ ’ਚ ਦਲ ਪੰਥ ਬਾਬਾ ਬਿਧੀਚੰਦੀਏ ਦੀਆਂ ਫੌਜਾਂ ਹਾਜ਼ਰੀ ਭਰੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਮਹੱਲੇ ਵਿੱਚ ਦਲ ਪੰਥ ਬਾਬਾ ਬਿਧੀਚੰਦੀਏ ਦੀਆਂ ਫੌਜਾਂ ਨੇ ਭਰਵੀਂ ਹਾਜ਼ਰੀ ਭਰੀ
Publish Date: Thu, 26 Nov 2026 10:13 PM (IST)
Updated Date: Thu, 26 Nov 2026 10:16 PM (IST)
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਏ ਗਏ ਮੁਹੱਲੇ ਵਿੱਚ ਦਲ ਪੰਥ ਬਾਬਾ ਬਿਧੀਚੰਦੀਏ ਦੀਆਂ ਫੌਜਾਂ ਨੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਪੂਰੇ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ ਤੇ ਜੰਗੀ ਕਰਤੱਬ ਦਿਖਾਏ। ਇਸ ਤੋਂ ਪਹਿਲਾਂ ਛਾਉਣੀ ਬਾਬਾ ਬਿਧੀਚੰਦੀਏ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਫੌਜਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਦਾ ਜੀਵਨ ਬਤੀਤ ਕਰਦਿਆਂ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਕੁਝ ਤਾਕਤਾਂ ਚਾਲਾਂ ਚੱਲ ਰਹੀਆਂ ਹਨ, ਸਾਨੂੰ ਉਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਉਪਰੰਤ ਜਥੇਦਾਰ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਫੌਜਾਂ ਦਾ ਵਿਸ਼ਾਲ ਕਾਫ਼ਲਾ ਊਠਾਂ, ਘੋੜਿਆਂ ਤੇ ਹਾਥੀ ਦੀ ਸਵਾਰੀ ਕਰਦਾ ਹੋਇਆ ਗੁਰਦੁਆਰਾ ਸੰਤ ਘਾਟ ਨੇੜੇ ਪੁੱਜਾ, ਜਿਥੇ ਫੌਜਾਂ ਨੇ ਘੋੜ ਦੌੜ ਤੇ ਜੰਗੀ ਕਰਤੱਬ ਦਿਖਾਏ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀਚੰਦੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਪ੍ਰੇਮ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਜੋਗਾ ਸਿੰਘ, ਜਥੇਦਾਰ ਦਿਲਬਾਗ ਸਿੰਘ ਗਿੱਲ, ਬਾਬਾ ਪਿਆਰਾ ਸਿੰਘ,ਵੈਦ ਮੇਵਾ ਸਿੰਘ, ਮੈਨੇਜਰ ਜਗਰੂਪ ਸਿੰਘ ਆਦਿ ਹਾਜ਼ਰ ਸਨ।