- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਾ ਸੰਘਿਆ ਪੁਲਿਸ ਦੀ ਮੁਸਤੈਦੀ ਨਾਲ ਚੋਰੀ ਦੀ ਵਾਰਦਾਤ ਹੁਣ ਟਲੀ, ਚੋਰ ਸਮਾਨ ਸੁਟ ਕੇ ਮੌਕੇ ਤੋਂ ਫ਼ਰਾਰ

--ਚੋਰੀ ਹੋਇਆ ਸਮਾਨ ਮਾਲਕ ਨੂੰ ਕੀਤਾ ਵਾਪਸ
--ਲੋਕ ਠੀਕਰੀ ਪਹਿਰੇ ਲਗਾਉਣ : ਚੌਂਕੀ ਇੰਚਾਰਜ
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆਂ : ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਕਪੂਰਥਲਾ ਦੇ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਕਾਲਾ ਸੰਘਿਆਂ ਦੀ ਪੁਲਿਸ ਵੱਲੋਂ ਲਗਾਤਾਰ ਰਾਤ ਦੀ ਗਸ਼ਤ ਕੀਤੀ ਜਾ ਰਹੀ ਹੈ। ਇਸੇ ਗਸ਼ਤ ਕਾਰਨ ਬੀਤੀ ਦੇਰ ਰਾਤ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਬਲੇਰ ਖਾਨਪੁਰ ’ਚ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਚੌਕੀ ਕਾਲਾ਼ ਸੰਘਿਆਂ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 31 ਅਗਸਤ ਤੇ 1 ਸਤੰਬਰ ਦੀ ਦਰਮਿਆਨੀ ਰਾਤ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ ਤੇ ਰਾਤ ਕਰੀਬ 12:30 ਵਜੇ ਪਿੰਡ ਬਲੇਰ ਖਾਨਪੁਰ ਪੁੱਜੇ ਤਾਂ 4 ਵਿਅਕਤੀ ਦੇਖੇ, ਜਿਨ੍ਹਾਂ ਕੋਲ਼ ਕੁਝ ਸਮਾਨ ਸੀ। ਜਦ ਇਨ੍ਹਾਂ ਕੋਲ਼ ਪੁਲਿਸ ਨੇ ਗੱਡੀ ਹੌਲੀ਼ ਕੀਤੀ ਤਾਂ ਇਹ ਮੌਕੇ ਤੋਂ ਫ਼ਰਾਰ ਹੋ ਗਏ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਆਪਣੇ ਕੋਲ਼ ਮੌਜੂਦ ਸਮਾਨ ਮੌਕੇ ’ਤੇ ਹੀ ਸੁੱਟ ਦਿੱਤਾ, ਜਿਸ ਨੂੰ ਚੈੱਕ ਕੀਤਾ ਗਿਆ ਤਾਂ ਉਹ ਇਕ ਬੱਚਿਆਂ ਵਾਲੀ ਸਾਈਕਲ ਤੇ ਇਕ ਬੈਟਰੀ ਸੀ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਦੇ ਬਿਲਕੁੱਲ ਨਜ਼ਦੀਕ ਇਕ ਆਟੋ ਖੜ੍ਹਾ ਸੀ ਤੇ ਪਤਾ ਲੱਗਾ ਕਿ ਚੋਰਾਂ ਨੇ ਆਟੋ ਵਿੱਚੋਂ ਬੈਟਰੀ ਚੋਰੀ ਕੀਤੀ ਸੀ ਤੇ ਫਿਰ ਰਾਤ ਨੂੰ ਪਿੰਡ ਬਲੇਰ ਖਾਨਪੁਰ ਵਾਸੀ ਆਟੋ ਰਿਕਸ਼ਾ ਮਾਲਕ ਨੂੰ ਉਠਾਇਆ ਗਿਆ ਤੇ ਉਸ ਨੂੰ ਬੈਟਰੀ ਸੌਂਪੀ ਗਈ। ਆਟੋ ਰਿਕਸ਼ਾ ਮਾਲਕ ਨੇ ਪੁਲਿਸ ਦਾ ਧੰਨਵਾਦ ਕੀਤਾ।
ਚੌਂਕੀ ਇੰਚਾਰਜ ਨੇ ਪ੍ਰੈੱਸ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਨਾਲ਼ ਜਿਥੇ ਅਜਿਹੀਆਂ ਘਟਨਾਵਾਂ ਤੋਂ ਬਚਾਅ ਵੀ ਰਹੇਗਾ, ਉਥੇ ਹੀ ਪੁਲਿਸ ਨੂੰ ਸਹਿਯੋਗ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਠੀਕਰੀ ਪਹਿਰੇ ਲਗਾਉਣ ਸਬੰਧੀ ਜਲਦ ਹੀ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰਾਂ ਨਾਲ਼ ਮੀਟਿੰਗ ਕੀਤੀ ਜਾਵੇਗੀ।