ਖੈੜਾ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਮਨਾਇਆ ਤੀਆਂ ਦਾ ਤਿਉਹਾਰ ਖੈੜਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Fri, 14 Aug 2026 07:48 PM (IST)
Updated Date: Fri, 14 Aug 2026 07:50 PM (IST)
ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਖੈੜਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਪ੍ਰਿੰਸੀਪਲ ਮੰਜੂ ਬਾਲਾ ਦੀ ਅਗਵਾਈ ਹੇਠ ਬੜੀ ਧੂਮਧਾਮ, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਨੌਰਥ ਹਾਊਸ ਵੱਲੋਂ ਸੰਭਾਲੀ ਗਈ। ਸਮਾਗਮ ਦੀ ਸ਼ੁਰੂਆਤ ਮਿਸ ਪੰਜਾਬਣ ਮੁਕਾਬਲੇ ਨਾਲ ਹੋਈ। ਇਸ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ, ਸੱਭਿਆਚਾਰ ਤੇ ਰਵਾਇਤੀ ਰੂਪ ਦੀ ਸੁੰਦਰ ਪੇਸ਼ਕਾਰੀ ਕਰਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚ ਅਰਥ ਹਾਊਸ ਦੀ ਮਹਿਨੂਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸ ਤੀਜ ਦਾ ਖ਼ਿਤਾਬ ਹਾਸਲ ਕੀਤਾ। ਉਸ ਦੀ ਇਸ ਪ੍ਰਾਪਤੀ ’ਤੇ ਸਕੂਲ ਵੱਲੋਂ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਤੋਂ ਬਾਅਦ ਫੋਕ ਸੌਂਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ਪੇਸ਼ ਕਰਕੇ ਪੰਜਾਬ ਦੇ ਅਮੀਰ ਲੋਕ ਸੰਗੀਤ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ। ਇਸ ਮੁਕਾਬਲੇ ਵਿੱਚ ਸਾਊਥ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨੌਰਥ ਤੇ ਵੈਸਟ ਹਾਊਸ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪੰਜਾਬੀ ਲੋਕ ਨਾਚ, ਗੀਤਾਂ ਅਤੇ ਹੋਰ ਰੰਗਾ-ਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਇਸ ਤੋਂ ਇਲਾਵਾ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਤ ਵਿੱਚ ਪ੍ਰਿੰਸੀਪਲ ਮੰਜੂ ਬਾਲਾ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਪਿਆਰ ਤੇ ਸਤਿਕਾਰ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਵੀ ਮਹੱਤਵਪੂਰਨ ਹਨ।