ਮਾਲੂਪੁਰ ਪਿੰਡ ਦੇ ਲੋਕਾਂ ਨੇ 149 ਗ੍ਰਾਮ ਚਿੱਟਾ ਫੜਿਆ ਸੰਤ ਸੀਚੇਵਾਲ ਵੱਲੋਂ ਸ਼ੁਰੂ ਕੀਤੀ ‘ਆਪਣਾ ਪਿੰਡ ਸੰਭਾਲੋਂ’ ਮੁਹਿੰਮ ਨੂੰ ਪਿਆ ਬੂਰ
Publish Date: Tue, 18 Aug 2026 09:24 PM (IST)
Updated Date: Tue, 18 Aug 2026 09:27 PM (IST)
ਠੀਕਰੀ ਪਹਿਰੇ ਦੌਰਾਨ 7 ਮੋਟਰਸਾਈਕਲ ਕੀਤੇ ਬਰਾਮਦ ਸੰਤ ਸੀਚੇਵਾਲ ਵੱਲੋਂ ਸ਼ੁਰੂ ‘ਆਪਣਾ ਪਿੰਡ ਸੰਭਾਲੋਂ’ ਮੁਹਿੰਮ ਨੂੰ ਪਿਆ ਬੂਰ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀਆਂ ‘ਆਪਣਾ ਪਿੰਡ ਸੰਭਾਲੋਂ’ ਤੇ ‘ਚਿੱਟਾ ਮੁਕਤ ਪਿੰਡ’ ਮੁਹਿੰਮਾਂ ਨੂੰ ਹੁਣ ਜ਼ਮੀਨੀ ਪੱਧਰ ’ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮਾਲੂਪੁਰ ਪਿੰਡ ਦੇ ਲੋਕਾਂ ਵੱਲੋਂ ਲਗਾਏ ਗਏ ਠੀਕਰੀ ਪਹਿਰੇ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਕਾਰਵਾਈ ਇਸ ਮੁਹਿੰਮ ਦੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ। ਪਿੰਡ ਵਾਸੀਆਂ ਨੇ ਠੀਕਰੀ ਪਹਿਰੇ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 149 ਗ੍ਰਾਮ ਚਿੱਟਾ ਬਰਾਮਦ ਕੀਤਾ। ਇਸ ਦੌਰਾਨ ਕੁਝ ਸ਼ੱਕੀ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਏ, ਪਰ ਉਹ ਆਪਣੇ ਮੋਟਰਸਾਈਕਲ ਉੱਥੇ ਹੀ ਛੱਡ ਗਏ। ਪਿੰਡ ਵਾਸੀਆਂ ਨੇ ਕੁੱਲ 7 ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਪੁਲੀਸ ਦੇ ਹਵਾਲੇ ਕਰ ਦਿੱਤੇ। ਇੱਥੋਂ ਤੱਕ ਕਿ ਫੜੇ ਗਏ ਵਿਅਕਤੀਆਂ ਦੇ ਵਾਹਨਾਂ ਨੂੰ ਪਿੰਡ ਵਾਸੀਆਂ ਨੇ ਟਰਾਲੀ ਵਿੱਚ ਲੱਦ ਕੇ ਮਲਸੀਆਂ ਥਾਣੇ ਪਹੁੰਚਾਇਆ। ਇਸ ਕਾਰਵਾਈ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਲੂਪੁਰ ਦੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਿਰਫ਼ ਸਰਕਾਰ ਜਾਂ ਪੁਲੀਸ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਪਿੰਡਾਂ ਦੇ ਲੋਕ ਜਾਗਰੂਕ ਹੋ ਕੇ ਆਪਣੇ ਬੱਚਿਆਂ ਦੀ ਰਾਖੀ ਲਈ ਅੱਗੇ ਆਉਣਗੇ ਤਾਂ ਨਸ਼ਾ ਤਸਕਰਾਂ ਲਈ ਪਿੰਡਾਂ ਵਿੱਚ ਪੈਰ ਪਸਾਰਨਾ ਮੁਸ਼ਕਲ ਹੋ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਨਸ਼ਿਆਂ ਦੀ ਲਤ ਮਨੁੱਖ ਤੋਂ ਉਸ ਦੇ ਰਿਸ਼ਤਿਆਂ ਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਤੱਕ ਖੋਹ ਲੈਂਦੀ ਹੈ। ਨਸ਼ੇੜੀ ਅਕਸਰ ਆਪਣੇ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਵੀ ਖ਼ਤਰਾ ਬਣ ਜਾਂਦਾ ਹੈ ਤੇ ਰਾਹਗੀਰਾਂ ਨੂੰ ਲੁੱਟਣ ਵਰਗੀਆਂ ਘਟਨਾਵਾਂ ਨੂੰ ਜਨਮ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਆਪਣੀ ਜ਼ਿੰਮੇਵਾਰੀ ਆਪ ਸੰਭਾਲਣਗੇ ਤਾਂ ਚੋਰ ਅਤੇ ਨਸ਼ਾ ਤਸਕਰ ਦੌੜਨ ਲਈ ਮਜਬੂਰ ਹੋਣਗੇ। ਉਨ੍ਹਾਂ ਠੀਕਰੀ ਪਹਿਰਾ ਲਗਾਉਣ ਵਾਲੇ ਪਿੰਡਾਂ ਦੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਕਿ ਸ਼ੱਕੀ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਜਾਂ ਗੈਰ-ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਇਸ ਦੀ ਬਜਾਏ ਉਨ੍ਹਾਂ ਦੀ ਵੀਡੀਓ ਬਣਾਕੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਹੋ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਪਿੰਡ ਨਸ਼ਿਆਂ ਤੋਂ ਮੁਕਤ ਹੋ ਜਾਣ ਤਾਂ ਸਾਡੇ ਨੌਜਵਾਨ ਆਪਣੀ ਊਰਜਾ ਖੇਤੀਬਾੜੀ ਤੇ ਹੋਰ ਰਚਨਾਤਮਕ ਕੰਮਾਂ ਵਿੱਚ ਲਗਾ ਸਕਦੇ ਹਨ। “ਸਾਡੇ ਖੇਤ ਸੋਨਾ ਉਗਾਉਂਦੇ ਹਨ; ਲੋੜ ਸਿਰਫ਼ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਜੋੜਨ ਦੀ ਹੈ।