ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪਿਛਲੇ ਦਿਨੀ ਲੁੱਟਾ-ਖੋਹਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Publish Date: Thu, 30 Jul 2026 09:36 PM (IST)
Updated Date: Thu, 30 Jul 2026 09:37 PM (IST)
ਇਕ ਦਾਤਰ, ਇਕ ਪਿਸਟਲ ਸਮੇਤ ਦੋ ਜ਼ਿੰਦਾ ਰੌਂਦ ਤੇ ਇਕ ਮੋਟਰਸਾਈਕਲ ਸਮੇਤ ਕੀਤਾ ਕਾਬੂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗੌਰਵ ਤੂਰਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰਿੰਦਰ ਸਿੰਘ ਗਿੱਲ ਪੀਪੀਐੱਸ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਦੀ ਹਦਾਇਤ ਅਤੇ ਧਰੇਂਦਰਾ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਦਵਿੰਦਰਪਾਲ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਛੇੜੀ ਗਈ ਹੈ। ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੁਲਤਾਨਪੁਰ ਲੋਧੀ ’ਚ ਲੁੱਟ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਤਿੰਨ ਮੈਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਇਕ ਪਿਸਟਲ 30 ਬੋਰ ਤੁਰਕੀ ਮੇਡ ਸਮੇਤ ਮੈਗਜੀਨ ਅਤੇ ਦੋ ਜ਼ਿੰਦਾ ਕਾਰਤੂਸ 30 ਬੋਰ, ਇਕ ਦਾਤਰ ਅਤੇ ਲੁੱਟੇ ਗਏ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਗਿੱਲ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਨੇ ਦੱਸਿਆ ਕਿ 27 ਜੁਲਾਈ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਸੁਖਪਾਲ ਪੁੱਤਰ ਪਰਮਜੀਤ ਵਾਸੀ ਹੈਦਰਾਬਾਦ ਬੇਟ ਥਾਣਾ ਸੁਲਤਾਨਪੁਰ ਲੋਧੀ, ਤਰਨਪ੍ਰੀਤ ਸਿੰਘ ਪੁੱਤਰ ਸੰਨੀ ਵਾਸੀ ਸਵਾਲ ਥਾਣਾ ਸੁਲਤਾਨਪੁਰ ਲੋਧੀ, ਲਖਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨੱਥੂਪੁਰ ਥਾਣਾ ਤਲਵੰਡੀ ਚੌਧਰੀਆਂ ਨੇ ਗਿਰੋਹ ਬਣਾਇਆ ਹੋਇਆ ਹੈ। ਇਹ ਆਪਣੇ ਹੋਰ ਸਾਥੀਆਂ ਸਮੇਤ ਆਮ ਲੋਕਾਂ ਤੋਂ ਦਾਤਰ ਦੀ ਨੋਕ ’ਤੇ ਮੋਬਾਇਲ ਫੋਨ, ਨਗਦੀ ਅਤੇ ਸੋਨੇ ਦੀਆਂ ਵਾਲੀਆਂ ਵਗੈਰਾ ਖੋਹੰਦੇ ਹਨ ਜੋ ਹੁਣ ਮਾਛੀਜੋਆ ਬੰਨ੍ਹ ਵਾਲੀ ਰੋਡ ਪਰ ਵਾਰਦਾਤ ਕਰਨ ਦੀ ਫਿਰਾਕ ਵਿੱਚ ਹਨ। ਇਸ ’ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋ ਮੁਕੱਦਮਾ ਨੰਬਰ 162 ਮਿਤੀ 27-7-2026 ਅ/ਧ 307 BNS ਦਰਜ ਰਜਿਸਟਰ ਕਰ ਕੇ ਵਿਉਂਤਬੰਦੀ ਕਰ ਕੇ ਦੋਸ਼ੀ ਸੁਖਪਾਲ ਪੁੱਤਰ ਪਰਮਜੀਤ ਵਾਸੀ ਹੈਦਰਾਬਾਦ ਬੇਟ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ, ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਲਾਟਵਾਲਾ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਪਾਸੋਂ ਇਕ ਦਾਤਰ, ਦੋ ਮੋਬਾਇਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੇ। ਇਸੇ ਮੁਕੱਦਮੇ ਦੀ ਤਫਤੀਸ਼ ਦੋਰਾਨ ਕੱਲ੍ਹ 29 ਜੁਲਾਈ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਲੁੱਟ-ਖੋਹ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਮੁੱਖ ਸਰਗਨਾ ਲਖਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨੱਥੂਪੁਰ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਤੁਰਕੀ ਮੇਡ ਇਕ ਨਾਜਾਇਜ਼ ਪਿਸਟਲ, 30 ਬੋਰ ਸਮੇਤ ਮੈਗਜੀਨ ਅਤੇ ਦੋ ਜ਼ਿੰਦਾ 30 ਬੋਰ ਕਾਰਤੂਸ ਬਰਾਮਦ ਕੀਤੇ। ਦੋਸ਼ੀਆਂ ਨੂੰ ਪੇਸ਼ ਅਦਾਲਤ ’ਚ ਕਰ ਕੇ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਹੋਰ ਵੀ ਪੰਜ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ ਜਿਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਤੋਂ ਹੋਰ ਵੀ ਬਰਾਮਦਗੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।