ਸੂਬਾ ਸਰਕਾਰ ਲੋਕਾਂ ਦੀ ਦਹਿਲੀਜ਼ ਤੱਕ ਪਹੁੰਚਾ ਰਹੀ ਹੈ ਮਿਆਰੀ ਸਿਹਤ ਸੇਵਾਵਾਂ ਸੂਬਾ ਸਰਕਾਰ ਲੋਕਾਂ ਦੀ ਦਹਿਲੀਜ਼ ਤੱਕ ਪਹੁੰਚਾ ਰਹੀ ਹੈ ਮਿਆਰੀ ਸਿਹਤ ਸੇਵਾਵਾਂ
Publish Date: Wed, 29 Jul 2026 09:36 PM (IST)
Updated Date: Wed, 29 Jul 2026 09:37 PM (IST)
ਸੈਂਟਰਲ ਜੇਲ੍ਹ ਕਪੂਰਥਲਾ ਤੇ ਪੀਰ ਚੌਧਰੀ ਰੋਡ ਵਿਖੇ ਆਮ ਆਦਮੀ ਕਲੀਨਿਕਾਂ ਦਾ ਹੋਇਆ ਰਸਮੀ ਉਦਘਾਟਨ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੱਲੋਂ ਆਮ ਆਦਮੀ ਕਲੀਨਿਕ ਸੈਂਟਰਲ ਜੇਲ੍ਹ ਕਪੂਰਥਲਾ ਅਤੇ ਆਮ ਆਦਮੀ ਕਲੀਨਿਕ ਪੀਰ ਚੌਧਰੀ ਰੋਡ, ਕਪੂਰਥਲਾ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ, ਸਿਹਤ ਵਿਭਾਗ ਦੇ ਅਧਿਕਾਰੀ, ਡਾਕਟਰ, ਸਟਾਫ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰੀਕ ਨੂੰ ਆਪਣੇ ਇਲਾਕੇ ਵਿੱਚ ਹੀ ਡਾਕਟਰੀ ਸਲਾਹ, ਲੋੜੀਂਦੀਆਂ ਦਵਾਈਆਂ ਅਤੇ ਜ਼ਰੂਰੀ ਲੈਬ ਟੈਸਟਾਂ ਦੀ ਸਹੂਲਤ ਉਪਲਬਧ ਕਰਵਾ ਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਨਾਲ ਲੋਕਾਂ ਨੂੰ ਦੋਹਰਾ ਲਾਭ ਮਿਲੇਗਾ। ਪਹਿਲਾ, ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਤਜਰਬੇਕਾਰ ਡਾਕਟਰਾਂ ਤੋਂ ਮੁਫ਼ਤ ਇਲਾਜ, ਦਵਾਈਆਂ ਅਤੇ ਲੋੜੀਂਦੇ ਟੈਸਟਾਂ ਦੀ ਸਹੂਲਤ ਮਿਲੇਗੀ। ਦੂਜਾ, ਹਸਪਤਾਲਾਂ ਤੱਕ ਵਾਰ-ਵਾਰ ਜਾਣ ਅਤੇ ਨਿੱਜੀ ਇਲਾਜ ’ਤੇ ਹੋਣ ਵਾਲੇ ਸਮੇਂ ਅਤੇ ਖਰਚ ਦੀ ਬਚਤ ਹੋਵੇਗੀ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਆਦਮੀ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦਾ ਇਲਾਜ, ਮੁਫ਼ਤ ਦਵਾਈਆਂ, ਵੱਖ-ਵੱਖ ਲੈਬ ਟੈਸਟ ਅਤੇ ਲੋੜ ਪੈਣ ਤੇ ਮਰੀਜ਼ਾਂ ਨੂੰ ਉੱਚ ਸਿਹਤ ਸੰਸਥਾਵਾਂ ਵਿੱਚ ਰੈਫਰ ਕਰਨ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਲੀਨਿਕਾਂ ਵਿੱਚ ਮਿਲ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਨਵੇਂ ਆਮ ਆਦਮੀ ਕਲੀਨਿਕ ਦੇ ਖੁੱਲਣ ਨਾਲ ਜ਼ਿਲੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 29 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ’ਤੇ 112 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਤੇ 42 ਤਰ੍ਹਾਂ ਦੇ ਲੈਬ ਟੈਸਟ ਵੀ ਫਰੀ ਕੀਤੇ ਜਾਂਦੇ ਹਨ। ਡਾ. ਪਰਾਸ਼ਰ ਨੇ ਦੱਸਿਆ ਕਿ ਕਲੀਨਿਕਾਂ ਤੇ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਅਲਟਰਾਸਾਊਂਡ ਦੀ ਸਹੂਲਤ ਇੰਪੈਨਲਡ ਸਕੈਨਿੰਗ ਸੈਂਟਰ ਰਾਹੀਂ ਫਰੀ ਹੁੰਦੇ ਹੈ। ਸੈਂਟਰਲ ਜੇਲ੍ਹ ਕਪੂਰਥਲਾ ਦੇ ਜੇਲ੍ਹ ਸੁਪਰਡੈਂਟ ਸ਼ਯਾਮਲ ਜੋਤੀ ਨੇ ਕਿਹਾ ਕਿ ਸੈਂਟਰਲ ਜੇਲ੍ਹ ਕਪੂਰਥਲਾ ਵਿਖੇ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਨਾਲ ਕੈਦੀਆਂ ਨੂੰ ਸਮੇਂ ਸਿਰ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ, ਲੋੜੀਂਦੀਆਂ ਦਵਾਈਆਂ ਅਤੇ ਡਾਕਟਰੀ ਸਲਾਹ ਜੇਲ੍ਹ ਅੰਦਰ ਹੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀਆਂ ਦੀ ਸਿਹਤ ਸੰਭਾਲ ਹੋਰ ਪ੍ਰਭਾਵਸ਼ਾਲੀ ਹੋਵੇਗੀ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਸਹੂਲਤ ਵੀ ਮਿਲੇਗੀ। ਇਸ ਮੌਕੇ ਡੀਐੱਫਪੀਓ ਡਾ. ਰਵਜੀਤ ਸਿੰਘ, ਡੀਆਈਓ ਡਾ ਰਣਦੀਪ ਸਿੰਘ, ਐੱਸ.ਐੱਮ.ਓ ਡਾ. ਪਰਮਿੰਦਰ ਕੌਰ, ਐੱਸ.ਐੱਮ.ਓ ਡਾ. ਪ੍ਰੇਮ ਕੁਮਾਰ, ਐੱਸ.ਪੀ ਜੇਲ੍ਹ ਭੁਪਿੰਦਰ ਸਿੰਘ, ਡਿਪਟੀ ਮੇਅਰ ਸਮੀਰ ਸ਼ਰਮਾ, ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਕਰਨ ਮਹਾਜਨ, ਚੇਅਰਮੈਨ ਅਮਰੀਕ ਸਿੰਘ ਮੱਲ੍ਹੀ, ਕੌਂਸਲਰ ਅਨਿਲ ਸ਼ੁਕਲਾ, ਕੌਂਸਲਰ ਵਿਕਾਸ ਮੋਮੀ, ਸਾਬਕਾ ਡਿਪਟੀ ਮੇਅਰ ਰਾਹੁਲ ਕੁਮਾਰ, ਅਕਾਦੀਪ ਸਿੰਘ ਵਾਲੀਆ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਸੁਪਰਡੈਂਟ ਰਾਮ ਅਵਤਾਰ, ਐੱਮ.ਐਂਡ.ਈ.ਓ ਰਾਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।