ਭੁੱਲਰ ਨੂੰ ਬਚਾਉਣ ਲਈ ਸਰਕਾਰ ਨੇ ਕਰਵਾਇਆ ਗ੍ਰਿਫਤਾਰ : ਜੀਤੀ ਖੇੜਾ
ਆਪਣੇ ਸਾਬਕਾ ਮੰਤਰੀ ਨੂੰ ਬਚਾਉਣ ਲਈ ਸੂਬਾ ਸਰਕਾਰ ਨੇ ਕਰਵਾਇਆ ਗ੍ਰਿਫਤਾਰ,ਜੀਤੀ ਖੇੜਾ
Publish Date: Thu, 26 Mar 2026 07:35 PM (IST)
Updated Date: Thu, 26 Mar 2026 07:38 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਘੁੰਮਣ ਤੇ ਰਣਜੀਤ ਸਿੰਘ ਜੀਤੀ ਖੇੜਾ ਪੰਚ ਪਿੰਡ ਖੇੜਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ’ਤੇ ਤੰਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਬਚਾਉਣ ਲਈ ਪੰਜਾਬ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਜੇਕਰ ਮਾਮਲਾ ਸੀਬੀਆਈ ਕੋਲ ਜਾਵੇਗਾ ਤਾਂ ਇਨ੍ਹਾਂ ਦੇ ਕੱਚੇ ਚਿੱਠੇ ਖੁੱਲ੍ਹ ਸਕਦੇ ਹਨ। ਇਸੇ ਲਈ ਲਾਲਜੀਤ ਭੁੱਲਰ ਨੂੰ ਪੰਜਾਬ ਅੰਦਰ ਹੀ ਗ੍ਰਿਫਤਾਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਸ਼ਾਸਨ ’ਤੇ ਭਰੋਸਾ ਗੁਆ ਚੁੱਕੇ ਹਨ। ਜਸਵਿੰਦਰ ਘੁੰਮਣ ਤੇ ਜੀਤੀ ਖੇੜਾ ਨੇ ਕਿਹਾ ਕਿ ਮੰਤਰੀ ਦਾ ਅਸਤੀਫਾ ਲੈਣਾ ਤੇ ਗ੍ਰਿਫਤਾਰ ਕਰਨਾ ਹੀ ਕਾਫੀ ਨਹੀਂ ਹੈ। ਇਸ ਦੀ ਸੀਬੀਆਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆ ਸਕੇ। ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦਾ ਮਾਮਲਾ ਬਹੁਤ ਹੀ ਗੰਭੀਰ ਹੈ, ਜਿਸਨੇ ਪੰਜਾਬ ਦੇ ਹਾਲਾਤਾਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਖੋਲ੍ਹ ਦਿੱਤੇ ਹਨ ਕਿ ਕਿਸ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਦਬਾਅ ਤੇ ਡਰ ਦੇ ਮਾਹੌਲ ਵਿਚ ਆਪਣੀ ਨੌਕਰੀ ਕਰ ਰਹੇ ਹਨ ਤੇ ਸੂਬਾ ਸਰਕਾਰ ਦੇ ਮੰਤਰੀ ਮੁਲਾਜ਼ਮਾਂ ’ਤੇ ਧੱਕੇਸ਼ਾਹੀ ਚਲਾ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਬੀਆਈ ਜਾਂਚ ਕਰਵਾਈ ਜਾਵੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਸੁਸਾਈਡ ਨੋਟ ਨੇ ਸਾਫ ਜ਼ਾਹਿਰ ਕਰ ਦਿੱਤਾ ਹੈ ਕਿ ਕਿਵੇਂ ਸਾਬਕਾ ਮੰਤਰੀ ਨੇ ਮੁਲਾਜ਼ਮ ਨਾਲ ਧੱਕੇਸ਼ਾਹੀ ਕੀਤੀ ਹੈ। ਗਗਨਦੀਪ ਰੰਧਾਵਾ ਵੱਲੋਂ ਖੁਦਕੁਸ਼ੀ ਪੰਜਾਬ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ, ਰਿਸ਼ਤੇਦਾਰਾਂ ਤੇ ਲੋਕਾਂ ਸਾਹਮਣੇ ਸਾਰੀ ਸੱਚਾਈ ਆ ਸਕੇ। ਇਹ ਮਾਮਲਾ ਸੀਬੀਆਈ ਨੂੰ ਸੌਂਪਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਇਸਦੇ ਪੱਖ ਵਿਚ ਨਹੀਂ ਸੀ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਸੂਬਾ ਸਰਕਾਰ ਆਪਣੇ ਲੀਡਰ ਨੂੰ ਬਚਾਉਣ ਲਈ ਇਹ ਕਾਰਵਾਈ ਅਮਲ ਵਿਚ ਲਿਆਈ ਹੈ।