ਪਿੰਡ ਰਣਧੀਰਪੁਰ ਦੇ ਸ਼ਮਸ਼ਾਨ ਘਾਟ ਦਾ ਕੰਮ ਜਲਦੀ ਕਰਵਾਇਆ ਜਾਵੇ ਪਿੰਡ ਰਣਧੀਰਪੁਰ ਦੇ ਸ਼ਮਸ਼ਾਨ ਘਾਟ ਦਾ ਰੁਕਿਆ ਕੰਮ ਜਲਦੀ ਚਾਲੂ ਕਰਵਾਇਆ ਜਾਵੇ : ਪਿੰਡ ਵਾਸੀ
Publish Date: Mon, 10 Aug 2026 07:29 PM (IST)
Updated Date: Mon, 10 Aug 2026 07:32 PM (IST)
ਮ੍ਰਿਤਕਾਂ ਦਾ ਸਸਕਾਰ ਕਰਨ ਲਈ ਲੋਕਾਂ ਨੂੰ ਕਰਨਾ ਪੈਂਦਾ ਮੁਸ਼ਕਿਲਾਂ ਦਾ ਭਾਰੀ ਸਾਹਮਣਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੋ ਵਿਅਕਤੀ ਇਸ ਫਾਨੀ ਸੰਸਾਰ ਵਿੱਚ ਪੈਦਾ ਹੋਇਆ ਹੈ ਉਸ ਨੇ ਇੱਕ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਹੈ ਤੇ ਉਸ ਦੇ ਅੰਤਿਮ ਸੰਸਕਾਰ ਲਈ ਢੁਕਵੀਂ ਜਗ੍ਹਾ ਦਾ ਉਪਲਬਧ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਸ ਦੀ ਘਾਟ ਪਿੰਡ ਰਣਧੀਰਪੁਰ ਵਾਸੀਆਂ ਦੇ ਮਨਾਂ ਵਿੱਚ ਦਿਨ-ਰਾਤ ਰੜਕਦੀ ਹੈ। ਮ੍ਰਿਤਕਾਂ ਦਾ ਸੰਸਕਾਰ ਕਰਨ ਲਈ ਪਿੰਡ ਵਾਸੀਆਂ ਨੂੰ ਨੇੜਲੇ ਪਿੰਡਾਂ ਦੇ ਸ਼ਮਸ਼ਾਨ ਘਾਟਾਂ ’ਚ ਜਾਣਾ ਪੈ ਰਿਹਾ ਹੈ। ਇਹ ਜਾਣਕਾਰੀ ਅੱਜ ਪਿੰਡ ਰਣਧੀਰਪੁਰ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਨਗਰ ਨਿਵਾਸੀ ਬੀਬੀਆਂ ਤੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਨਗਰ ਨਿਵਾਸੀਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਪਹਿਲਾ ਸ਼ਮਸ਼ਾਨ ਘਾਟ ਨਵੇਂ ਬਣ ਰਹੇ ਐਕਸਪ੍ਰੈਸ ਵੇਅ ਦੇ ਰਾਹ ਵਿੱਚ ਆ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਸ਼ਮਸ਼ਾਨ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿ ਬੀਤੇ ਦਿਨੀਂ ਬੀਬੀ ਪਰਮਜੀਤ ਕੌਰ ਪਤਨੀ ਕੇਵਲ ਸਿੰਘ ਦਾ ਦਿਹਾਂਤ ਹੋਣ ’ਤੇ ਉਨ੍ਹਾਂ ਦਾ ਸਸਕਾਰ ਕਰਨ ਲਈ ਬੜੀ ਪ੍ਰੇਸ਼ਾਨੀ ਪੇਸ਼ ਆਈ ਤੇ ਬਹੁਤ ਸਾਰੇ ਪਿੰਡਾਂ ਵਿੱਚ ਪੰਚਾਇਤਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਸਸਕਾਰ ਕਰਨ ਦੀ ਇਜਾਜ਼ਤ ਨਾ ਦਿੱਤੀ ਤੇ ਅਖੀਰ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਦੇਣ ’ਤੇ ਪਿੰਡ ਗਾਜੀਪੁਰ ਦੇ ਸ਼ਮਸ਼ਾਨ ਘਾਟ ਵਿਖੇ ਸਵ. ਬੀਬੀ ਪਰਮਜੀਤ ਕੌਰ ਦਾ ਸਸਕਾਰ ਕੀਤਾ ਗਿਆ ਜਿਸ ਨਾਲ ਨਗਰ ਨਿਵਾਸੀ, ਸਾਕ ਸਬੰਧੀ ਤੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆਈ। ਪਿੰਡ ਵਾਸੀਆਂ ਦੱਸਿਆ ਕਿ ਨਵਾਂ ਸ਼ਮਸ਼ਾਨ ਘਾਟ ਬਣਾਉਣ ਲਈ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਨੇੜੇ ਪੰਚਾਇਤੀ ਜ਼ਮੀਨ ਦਾ ਮਤਾ ਪਾਸ ਕਰਵਾ ਕੇ ਉਸ ’ਤੇ ਪਿਛਲੇ ਸਮੇਂ ਦੌਰਾਨ ਉਸਾਰੀ ਸ਼ੁਰੂ ਕਰਵਾਈ ਗਈ ਸੀ ਪਰ ਉਸਾਰੀ ਦਾ ਕੰਮ ਹੁਣ ਬੰਦ ਪਿਆ ਹੈ। ਨਗਰ ਨਿਵਾਸੀਆਂ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਨਾਲ ਲੱਗਦੇ ਕਿਸਾਨ ਵੱਲੋਂ ਇਸ ਉਸਾਰੀ ਨੂੰ ਇਹ ਕਹਿ ਕੇ ਰੁਕਵਾਇਆ ਗਿਆ ਹੈ ਕਿ ਉਸ ਦੀ ਨੇੜੇ ਜ਼ਮੀਨ ਲੱਗਦੀ ਹੈ, ਇਸ ਲਈ ਇਸ ਜਗ੍ਹਾ ’ਤੇ ਸ਼ਮਸ਼ਾਨ ਘਾਟ ਨਾ ਬਣਾਇਆ ਜਾਵੇ। ਨਗਰ ਨਿਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਕੋਲ ਸਿਰਫ ਇਹ ਹੀ 2 ਕਨਾਲ ਪੰਚਾਇਤੀ ਜ਼ਮੀਨ ਹੈ ਤੇ ਇਸ ਦੀ ਉਸਾਰੀ ਲਈ ਮਨਜ਼ੂਰੀ ਵੀ ਮਿਲ ਚੁੱਕੀ ਹੈ ਪਰ ਕੁਝ ਇੱਕ ਲੋਕਾਂ ਦੇ ਰੋਕਣ ’ਤੇ ਇਹ ਕੰਮ ਬੰਦ ਕੀਤਾ ਹੋਇਆ ਹੈ। ਅੱਜ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਬੀਬੀਆਂ ਤੇ ਨੌਜਵਾਨਾਂ ਵੱਲੋਂ ਸ਼ਮਸ਼ਾਨ ਘਾਟ ਦੀ ਜਗ੍ਹਾ ’ਤੇ ਸਾਫ ਸਫਾਈ ਕੀਤੀ ਗਈ ਤੇ ਮਿੱਟੀ ਨੂੰ ਪੱਧਰਾ ਕਰਨ ਦਾ ਕਾਰਜ ਆਰੰਭ ਕੀਤਾ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਜਲਦੀ ਸ਼ੁਰੂ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਮ੍ਰਿਤਕ ਦਾ ਸਸਕਾਰ ਸਮੇਂ ਸਿਰ ਤੇ ਪਿੰਡ ਦੇ ਨੇੜੇ ਹੀ ਕੀਤਾ ਜਾ ਸਕੇ। ਇਸ ਮੌਕੇ ਰੇਸ਼ਮ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ ਪੰਚ, ਸੁਭਾਸ਼ ਸਿੰਘ, ਦਿਲਬਾਗ ਸਿੰਘ, ਲਾਲ ਸਿੰਘ ਪੰਚ, ਬਹਾਦਰ ਸਿੰਘ, ਦਿਲਬਰ ਸਿੰਘ, ਏਕਮਜੀਤ ਸਿੰਘ, ਲਵਪ੍ਰੀਤ ਸਿੰਘ, ਰਣਜੀਤ ਸਿੰਘ, ਬਿੱਕਰ ਸਿੰਘ, ਅਵਤਾਰ ਸਿੰਘ ਬਲਵਿੰਦਰ ਕੌਰ ਸਾਬਕਾ ਸਰਪੰਚ, ਨਿਰਮਲ ਕੌਰ ਸਾਬਕਾ ਪੰਚ, ਬਲਜੀਤ ਕੌਰ, ਮਨਿੰਦਰ ਕੌਰ, ਕੁਲਵੀਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਬਿੰਦਰ ਕੌਰ, ਜਸਵੀਰ ਕੌਰ, ਬਲਬੀਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਸਿਮਰਨਜੀਤ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ, ਸ਼ਿੰਦਰ ਕੌਰ, ਦਲਵੀਰ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਮਾਇਆ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।