ਸ੍ਰੀ ਕ੍ਰਿਸ਼ਨ ਜਨਮ ਉਤਸਵ ਨਾਲ ਕਥਾ ’ਚ ਛਾਇਆ ਭਗਤੀ ਰਸ ਸ੍ਰੀ ਕ੍ਰਿਸ਼ਨ ਜਨਮ ਉਤਸਵ ਨਾਲ ਕਥਾ ਵਿੱਚ ਛਾਇਆ ਭਗਤੀ ਰਸ
Publish Date: Thu, 01 Oct 2026 07:19 PM (IST)
Updated Date: Thu, 01 Oct 2026 07:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਥਾਨਕ ਬਸਰਾ ਪੈਲੇਸ, ਬੰਗਾ ਰੋਡ, ਫਗਵਾੜਾ ਵਿਖੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 29 ਸਤੰਬਰ ਤੋਂ 3 ਅਕਤੂਬਰ 2026 ਤੱਕ ਪੰਜ ਰੋਜ਼ਾ ਸ੍ਰੀ ਕ੍ਰਿਸ਼ਨ ਕਥਾ ਦਾ ਭਵਿਆ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਦੇ ਦੂਜੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਜਨਮ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੌਮਿਆ ਭਾਰਤੀ ਜੀ ਨੇ ਕਥਾ ਨੂੰ ਬੇਹੱਦ ਰੋਚਕ ਤੇ ਭਾਵਪੂਰਨ ਢੰਗ ਨਾਲ ਪੇਸ਼ ਕਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਪ੍ਰਸੰਗ ਵਿੱਚ ਨਿਹਿਤ ਅਧਿਆਤਮਿਕ ਰਹੱਸਾਂ ਨੂੰ ਉਜਾਗਰ ਕੀਤਾ। ਸਾਧਵੀ ਜੀ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸੰਤਾਨਾਂ ਸੰਸਕਾਰਵਾਨ ਬਣਨ ਤਾਂ ਉਨ੍ਹਾਂ ਨੂੰ ਅਧਿਆਤਮ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਧਿਆਤਮ ਹੀ ਜੀਵਨ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ, ਸਗੋਂ ਸਾਡੇ ਅੰਦਰ ਹੀ ਵਿਰਾਜਮਾਨ ਹਨ। ਪੂਰਨ ਗੁਰੂ ਦੇ ਮਾਰਗਦਰਸ਼ਨ ਰਾਹੀਂ ਮਨੁੱਖ ਅੰਤਰਮੁਖੀ ਹੋ ਕੇ ਆਪਣੇ ਅੰਦਰ ਈਸ਼ਵਰੀ ਸੱਤਾ ਦਾ ਸਾਕਸ਼ਾਤਕਾਰ ਕਰ ਸਕਦਾ ਹੈ। ਸ੍ਰੀ ਕ੍ਰਿਸ਼ਨ ਜਨਮ ਉਤਸਵ ਮੌਕੇ ਪੂਰਾ ਕਥਾ ਪੰਡਾਲ ‘ਨੰਦ ਦੇ ਆਨੰਦ ਭਯੋ, ਜੈ ਕਨ੍ਹੱਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਾਵਪੂਰਨ ਭਜਨਾਂ ਨਾਲ ਸਮੁੱਚਾ ਵਾਤਾਵਰਣ ਭਗਤੀਮਈ ਹੋ ਗਿਆ। ਅੰਤ ਵਿੱਚ ਪ੍ਰਭੂ ਦੀ ਪਾਵਨ ਆਰਤੀ ਕੀਤੀ ਗਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜੀ, ਪੰਜ ਮੰਦਰੀ ਕਮੇਟੀ, ਰਾਧਾ ਸਖੀ ਭਜਨ ਮੰਡਲੀ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।