ਨੌਜਵਾਨਾਂ ਲਈ ਕਰੋੜਪਤੀ ਮੁਕਾਬਲਾ ਸ਼ਲਾਘਾਯੋਗ : ਗੁਰਸਿਮਰ ਸਿੰਘ ਨੌਜਵਾਨਾਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਨ ਲਈ ਕਰੋੜਪਤੀ ਨਾਮਕ ਵਿਸ਼ੇਸ਼ ਮੁਕਾਬਲਾ ਸ਼ਲਾਘਾਯੋਗ-ਗੁਰਸਿਮਰ ਸਿੰਘ
Publish Date: Mon, 16 Nov 2026 09:55 PM (IST)
Updated Date: Mon, 16 Nov 2026 09:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭਾਸ਼ਾ, ਭੂਗੋਲ ਅਤੇ ਵਿਰਾਸਤ ਨਾਲ ਜੋੜਨ ਲਈ ਪੰਜਾਬ ਦਾ ਕਰੋੜਪਤੀ ਨਾਮਕ ਇੱਕ ਵਿਸ਼ੇਸ਼ ਕੁਇਜ਼ ਮੁਕਾਬਲਾ ਸ਼ੁਰੂ ਕੀਤਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਯੁਵਾ ਆਗੂ ਗੁਰਸਿਮਰ ਸਿੰਘ ਨੇ ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਹੀ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਵਿੱਚ ਆਪਣੇ ਸੱਭਿਆਚਾਰ ਤੇ ਇਤਿਹਾਸ ਬਾਰੇ ਜਾਗਰੂਕਤਾ ਵਧਾਉਣਾ ਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰਨਾ ਹੈ। 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਮੁਕਾਬਲੇ ਦੇ ਜੇਤੂ ਨੂੰ ₹1 ਕਰੋੜ ਦਾ ਮੈਗਾ ਇਨਾਮ ਮਿਲੇਗਾ, ਜਦੋਂ ਕਿ ਚਾਰ ਉਪ ਜੇਤੂਆਂ ਨੂੰ ₹10 ਲੱਖ ਰੁਪਏ ਮਿਲਣਗੇ। ਚੋਟੀ ਦੇ 10,000 ਭਾਗੀਦਾਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ 28 ਨਵੰਬਰ ਤੱਕ ਕੀਤੀ ਜਾ ਸਕਦੀ ਹੈ। ਗੁਰਸਿਮਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਭਾਗੀਦਾਰ 28 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਸਵਾਲ ਮੁੱਖ ਤੌਰ ’ਤੇ ਪੰਜਾਬ, ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ’ਤੇ ਕੇਂਦ੍ਰਿਤ ਹੋਣਗੇ। ਸਵਾਲਾਂ ਵਿੱਚ ਆਮ ਗਿਆਨ ਤੇ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਨਾਲ ਸਬੰਧਤ ਸਵਾਲ ਵੀ ਸ਼ਾਮਲ ਹੋਣਗੇ। ਪ੍ਰਤੀਯੋਗੀਆਂ ਦੀ ਸਹੂਲਤ ਲਈ ਸਵਾਲ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਵਿੱਚ ਉਪਲਬਧ ਹੋਣਗੇ। ਗੁਰਸਿਮਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਵਿੱਚ ਕੁੱਲ 10,000 ਭਾਗੀਦਾਰਾਂ ਨੂੰ ਨਕਦ ਇਨਾਮ ਪ੍ਰਾਪਤ ਹੋਣਗੇ। ਪੰਜਵੇਂ ਦੌਰ ਵਿੱਚ 5,000 ਭਾਗੀਦਾਰਾਂ ਨੂੰ ₹1,000 ਮਿਲਣਗੇ। ਛੇਵੇਂ ਦੌਰ ਵਿੱਚ 2,500 ਭਾਗੀਦਾਰਾਂ ਨੂੰ ₹2,000 ਮਿਲਣਗੇ। ਸੱਤਵੇਂ ਦੌਰ ਵਿੱਚ 1,250 ਭਾਗੀਦਾਰਾਂ ਨੂੰ ₹3,000 ਮਿਲਣਗੇ। ਅੱਠਵੇਂ ਦੌਰ ਵਿੱਚ ਰਾਊਂਡ ਵਿੱਚ 625 ਭਾਗੀਦਾਰਾਂ ਨੂੰ 5,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੌਵੇਂ ਦੌਰ ਵਿੱਚ 395 ਭਾਗੀਦਾਰਾਂ ਨੂੰ 10,000 ਰੁਪਏ ਦਿੱਤੇ ਜਾਣਗੇ। ਜ਼ਿਲ੍ਹਾ ਤੇ ਰਾਜ ਪੱਧਰੀ ਮੁਕਾਬਲਾ; ਗ੍ਰੈਂਡ ਫਿਨਾਲੇ 17 ਦਸੰਬਰ ਨੂੰ ਹੋਵੇਗਾ।ਜ਼ਿਲ੍ਹਾ ਪੱਧਰੀ ਮੁਕਾਬਲਾ 9 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਪੜਾਅ ਵਿੱਚ ਹਰੇਕ ਜ਼ਿਲ੍ਹੇ ਤੋਂ ਚੋਟੀ ਦੇ 10 ਭਾਗੀਦਾਰ ਹਿੱਸਾ ਲੈਣਗੇ। ਇਸ ਤਰ੍ਹਾਂ,ਕੁੱਲ 230 ਭਾਗੀਦਾਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹੁੰਚਣਗੇ। ਹਰੇਕ ਜ਼ਿਲ੍ਹੇ ਤੋਂ ਜੇਤੂ ਰਾਜ ਪੱਧਰੀ ਫਾਈਨਲ ਵਿੱਚ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗਾ।