ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਪੁੱਤਰ, ਤਾਬੂਤ ’ਚ ਘਰ ਪਰਤਿਆ ਢਾਈ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਪੁੱਤਰ, ਤਾਬੂਤ ਵਿੱਚ ਘਰ ਪਰਤਿਆ
Publish Date: Sat, 01 Aug 2026 09:37 PM (IST)
Updated Date: Sat, 01 Aug 2026 09:40 PM (IST)
--ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅਰਮੀਨੀਆ ਤੋਂ ਪੰਜਾਬ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ ਕੁਲਬੀਰ ਸਿੰਘ ਮਿੰਟੂ\ਲਖਬੀਰ ਸਿੰਘ ਲੱਖੀ ਪੰਜਾਬੀ ਜਾਗਰਣ : ਜਿਸ ਪੁੱਤਰ ਨੂੰ ਇੱਕ ਮਾਂ ਨੇ ਚੰਗੇ ਭਵਿੱਖ ਦੇ ਸੁਪਨੇ ਸਜਾ ਕੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ, ਉਹੀ ਪੁੱਤਰ ਅੱਜ ਤਾਬੂਤ ਵਿੱਚ ਆਪਣੇ ਪਿੰਡ ਪਰਤਿਆ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੰਗੋਜਲਾ ਦੇ 32 ਸਾਲਾ ਜਸਵਿੰਦਰ ਸਿੰਘ ਦੀ ਅਰਮੀਨੀਆ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣਾ ਪਰਿਵਾਰ ਲਈ ਲਗਪਗ ਅਸੰਭਵ ਹੋ ਗਿਆ ਸੀ, ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਨੇ ਇੱਕ ਬਜ਼ੁਰਗ ਮਾਂ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ। ਪਰਿਵਾਰ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਦੀ ਆਸ ਨਾਲ ਰਿਸ਼ਤੇਦਾਰਾਂ ਤੋਂ ਕਰਜ਼ਾ ਤੇ ਵਿਆਜ ਤੇ ਪੈਸੇ ਲੈ ਕੇ ਕਰੀਬ 2.60 ਲੱਖ ਰੁਪਏ ਖਰਚ ਕਰਕੇ ਜਸਵਿੰਦਰ ਸਿੰਘ ਨੂੰ ਢਾਈ ਸਾਲ ਪਹਿਲਾਂ ਅਰਮੀਨੀਆ ਭੇਜਿਆ ਗਿਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 28 ਜੂਨ 2026 ਨੂੰ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਸਾਰੇ ਸੁਪਨੇ ਇੱਕ ਪਲ ਵਿੱਚ ਟੁੱਟ ਗਏ। ਦੁੱਖ ਇਥੇ ਹੀ ਖਤਮ ਨਹੀਂ ਹੋਇਆ, ਜਸਵਿੰਦਰ ਸਿੰਘ ਦੇ ਪਾਸਪੋਰਟ ਦੀ ਮਿਆਦ ਪੁੱਗ ਚੁੱਕੀ ਸੀ ਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਰੀਬ 10 ਲੱਖ ਰੁਪਏ ਦੇ ਖਰਚੇ ਦੀ ਗੱਲ ਕਹੀ ਜਾ ਰਹੀ ਸੀ। ਇਹ ਰਕਮ ਇੱਕ ਗਰੀਬ ਪਰਿਵਾਰ ਲਈ ਅਸੰਭਵ ਸੀ। ਉੱਥੇ ਬਜ਼ੁਰਗ ਮਾਂ ਹਰ ਰੋਜ਼ ਇੱਕੋ ਅਰਦਾਸ ਕਰਦੀ ਸੀ,‘ਮੇਰੇ ਪੁੱਤ ਨੂੰ ਇੱਕ ਵਾਰ ਮੇਰੇ ਕੋਲ ਲਿਆ ਦਿਓ, ਮੈਂ ਉਸ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰਨਾ ਚਾਹੁੰਦੀ ਹਾਂ।’ ਪਰਿਵਾਰ ਨੇ ਇਹ ਵੀ ਦੱਸਿਆ ਕਿ ਅਗਸਤ 2025 ਵਿੱਚ ਜਸਵਿੰਦਰ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ। ਉਸ ਸਮੇਂ ਵੀ ਪਾਸਪੋਰਟ ਦੀ ਮਿਆਦ ਪੁੱਗ ਜਾਣ ਤੇ ਆਰਥਿਕ ਮਜਬੂਰੀ ਕਾਰਨ ਜਸਵਿੰਦਰ ਆਪਣੇ ਪਿਤਾ ਦੇ ਅੰਤਿਮ ਦਰਸ਼ਨਾਂ ਲਈ ਭਾਰਤ ਨਹੀਂ ਆ ਸਕਿਆ। ਇਸ ਦੁੱਖਦਾਈ ਹਾਲਾਤ ਵਿੱਚ 15 ਜੁਲਾਈ ਨੂੰ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਤੁਰੰਤ ਵਿਦੇਸ਼ ਮੰਤਰਾਲੇ ਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਾਮਲੇ ਦੀ ਲਗਾਤਾਰ ਪੈਰਵੀ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਸਿਰਫ਼ 16 ਦਿਨਾਂ ਵਿੱਚ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਬਿਨਾਂ ਕਿਸੇ ਖਰਚੇ ਦੇ ਸੁਰੱਖਿਅਤ ਭਾਰਤ ਪਹੁੰਚ ਗਈ। ਜਦੋਂ ਤਾਬੂਤ ਪਿੰਡ ਸੰਗੋਜਲਾ ਪਹੁੰਚਿਆ ਤਾਂ ਪੂਰਾ ਪਿੰਡ ਗਮ ਵਿੱਚ ਡੁੱਬ ਗਿਆ। ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਦਰਦ ਲੈ ਕੇ ਪਰਿਵਾਰ ਨੇ ਆਪਣੇ ਲਾਡਲੇ ਨੂੰ ਆਖਰੀ ਵਿਦਾਈ ਦਿੱਤੀ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇੱਕ ਮ੍ਰਿਤਕ ਦੇਹ ਹੀ ਨਹੀਂ, ਸਗੋਂ ਇੱਕ ਮਾਂ ਦੀ ਆਖਰੀ ਉਮੀਦ ਨੂੰ ਵੀ ਉਸ ਦੇ ਦਰਵਾਜ਼ੇ ਤੱਕ ਪਹੁੰਚਾਇਆ ਹੈ। ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਹੁਣ ਤੱਕ 62 ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਤੋਂ ਬਿਨਾਂ ਕਿਸੇ ਖਰਚੇ ਦੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਦੇ ਇਹ ਯਤਨ ਅੱਜ ਵੀ ਦੇਸ਼ ਤੋਂ ਦੂਰ ਮੁਸੀਬਤਾਂ ਵਿੱਚ ਫਸੇ ਭਾਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਮੀਦ ਦੀ ਇੱਕ ਮਜ਼ਬੂਤ ਕਿਰਨ ਬਣੇ ਹੋਏ ਹਨ।